ਕੂੜੇ ਦੇ ਥੈਲੇ ‘ਚ ਸੁੱਟੀ 4 ਮਹੀਨੇ ਦੀ ਬੱਚੀ, ਆਵਾਰਾ ਕੁੱਤਾ ਬਣਿਆ ਮਸੀਹਾ
ਲੇਬਨਾਨ ਦੇ ਉੱਤਰੀ ਸ਼ਹਿਰ ਤ੍ਰਿਪੋਲੀ ‘ਚ ਇਕ ਆਵਾਰਾ ਕੁੱਤੇ ਦੇ ਕੂੜੇ ਦੇ ਥੈਲੇ ‘ਚੋਂ ਬੱਚੀ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣ ਦੀ ਖਬਰ ਸੁਣ ਕੇ ਲੋਕ ਹੈਰਾਨ ਰਹਿ ਗਏ। ਬੱਚੀ ਦੀ ਉਮਰ ਚਾਰ ਮਹੀਨੇ ਦੱਸੀ ਜਾ ਰਹੀ ਹੈ।
ਜਦੋਂ ਇਕ ਰਾਹਗੀਰ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਸ ਨੇ ਉਸ ਨੂੰ ਕੁੱਤੇ ਤੋਂ ਛੁਡਵਾਇਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ। ਰਿਪੋਰਟ ਮੁਤਾਬਕ ਬੁੱਧਵਾਰ ਸਵੇਰੇ ਨਗਰ ਨਿਗਮ ਦੀ ਇਮਾਰਤ ਦੇ ਕੋਲ ਕੁੱਤਾ ਬੱਚੇ ਨੂੰ ਕਾਲੇ ਰੰਗ ਦੇ ਪਲਾਸਟਿਕ ਦੇ ਕੂੜੇ ਵਾਲੇ ਥੈਲੇ ‘ਚ ਲੈ ਕੇ ਜਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਕ ਅਣਪਛਾਤੇ ਵਿਅਕਤੀ ਨੇ ਰੋਣ ਦੀ ਆਵਾਜ਼ ਸੁਣੀ ਅਤੇ ਉਸ ਨੂੰ ਇਸਲਾਮਿਕ ਹਸਪਤਾਲ ਲੈ ਗਿਆ ਅਤੇ ਬਾਅਦ ਵਿਚ ਉਸ ਨੂੰ ਤ੍ਰਿਪੋਲੀ ਦੇ ਸਰਕਾਰੀ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਨਵਜਾਤ ਦੀਆਂ ਤਸਵੀਰਾਂ ‘ਚ ਉਸ ਦੇ ਚਿਹਰੇ ‘ਤੇ ਲਾਲ ਨਿਸ਼ਾਨ ਨਜ਼ਰ ਆ ਰਹੇ ਹਨ। ਕਈ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਛੱਡੇ ਬੱਚੇ ਨੂੰ ਗੋਦ ਲੈਣ ਦੀ ਵਕਾਲਤ ਕੀਤੀ।