ਭਾਰਤ ਦੇ ਕੈਨੇਡਾ ਵਿਚਾਲੇ ਰਿਸ਼ਤੇ ਵਿਗੜਦੇ ਵਿਖਾਈ ਦੇ ਰਹੇ ਹਨ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ‘ਤੇ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਦੇ ਇਲਜ਼ਾਮ ਲਗਾਏ ਹਨ। ਹਾਲ ਹੀ ਵਿੱਚ ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਭਾਰਤ ਸਰਕਾਰ ਦੇ ਏਜੰਟ ਨੇ ਜੂਨ ਮਹੀਨੇ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਭਾਈਚਾਰੇ ਦੇ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਇਸ ਸਬੰਧੀ ਸਬੂਤਾਂ ਦਾ ਵੀ ਜ਼ਿਕਰ ਕੀਤਾ।
ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਅਤੇ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪੱਛਮੀ ਕੈਨੇਡਾ ਦੇ ਸੂਬੇ ਸਰੀ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਜਲੰਧਰ ਦਾ ਰਹਿਣ ਵਾਲਾ ਸੀ ਹਰਦੀਪ ਸਿੰਘ ਨਿੱਝਰ
ਪੰਜਾਬ ਦੇ ਜਲੰਧਰ ਦੇ ਪਿੰਡ ਭਾਰਸਿੰਘਪੁਰ ਦਾ ਰਹਿਣ ਵਾਲਾ, ਨਿੱਝਰ (Hardeep Singh Nijjar) ਸਰੀ ਵਿੱਚ ਰਹਿ ਰਿਹਾ ਸੀ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੁਆਰਾ ਉਸਨੂੰ ਅਧਿਕਾਰਤ ਤੌਰ ‘ਤੇ ‘ਭਗੌੜਾ’ ਘੋਸ਼ਿਤ ਕੀਤਾ ਗਿਆ ਸੀ। 45 ਸਾਲਾ ਭਗੌੜੇ ਦੇ ਸਿਰ ‘ਤੇ 10 ਲੱਖ ਰੁਪਏ ਦਾ ਨਕਦ ਇਨਾਮ ਵੀ ਸੀ। ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਦੇਣ ਵਿੱਚ ਸਰਗਰਮ ਸੀ।
1997 ਵਿੱਚ ਗਿਆ ਸੀ ਕੈਨੇਡਾ
ਨਿੱਝਰ 1997 ਵਿੱਚ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦਾ ਸੀ। ਇਸ ਦੌਰਾਨ KTF ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕੀਤੀ ਸੀ ਅਤੇ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਿਆ ਸੀ। ਤਾਰਾ ਨੂੰ 2015 ‘ਚ ਥਾਈਲੈਂਡ ਤੋਂ ਗ੍ਰਿਫ਼ਤਾਰ ਕਰ ਭਾਰਤ ਲਿਆਂਦਾ ਸੀ। ਨਿੱਝਰ (Hardeep Singh Nijjar) ਦੇ ਭਾਰਤ ‘ਚ ਪਾਬੰਦੀਸ਼ੁਦਾ ਸੰਗਠਨ SFJ ਨਾਲ ਵੀ ਸਬੰਧ ਸੀ।
ਨਿੱਝਰ ‘ਤੇ ਕੀ ਹਨ ਇਲਜ਼ਾਮ ?
NIA ਨੇ ਨਿੱਝਰ ’ਤੇ 10 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਸੀ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੂਡੋ ਨੂੰ ਸੌਂਪੀ ਲਿਸਟ ‘ਚ ਨਿੱਝਰ ਦਾ ਨਾਮ ਸੀ। ਜਸਟਿਨ ਟਰੂਡੋ ਨੂੰ ਕੈਪਟਨ ਨੇ ਭਾਰਤ ਫੇਰੀ ਦੌਰਾਨ ਲਿਸਟ ਸੌਂਪੀ ਸੀ। ਦਸੰਬਰ 2020 ਵਿੱਚ ਵੀ ਐੱਨਆਈਏ ਨੇ FIR ਦਰਜ ਕੀਤੀ ਸੀ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ FIR ਦਰਜ ਹੋਈ ਸੀ। ਨਿੱਝਰ, ਗੁਰਪਤਵੰਤ ਸਿੰਘ ਪੰਨੂ ਅਤੇ ਪਰਮਜੀਤ ਸਿੰਘ ਪੰਮਾ ਦਾ ਨਾਮ ਸ਼ਾਮਲ ਸੀ। ਲੋਕਾਂ ਨੂੰ ਭੜਕਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ ਸੀ।
31 ਜਨਵਰੀ, 2021 ਨੂੰ, ਐਨਆਈਏ ਨੇ ਪੰਜਾਬ ਦੇ ਜਲੰਧਰ ਵਿੱਚ ਹਿੰਦੂ ਪੁਜਾਰੀ ਕਮਲਦੀਪ ਸ਼ਰਮਾ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਨਿੱਝਰ ਸਮੇਤ ਚਾਰ ਲੋਕਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰ ਹੋਰ ਵਿਅਕਤੀਆਂ ਵਿੱਚ ਕਮਲਜੀਤ ਸ਼ਰਮਾ ਅਤੇ ਰਾਮ ਸਿੰਘ ਸ਼ਾਮਲ ਹਨ, ਜਿਨ੍ਹਾਂ ਨੇ ਨਿੱਝਰ ਅਤੇ ਉਸ ਦੇ ਸਾਥੀ ਅਰਸ਼ਦੀਪ ਸਿੰਘ ਉਰਫ਼ ਪ੍ਰਭਾ ਦੇ ਨਿਰਦੇਸ਼ਾਂ ‘ਤੇ ਪੁਜਾਰੀ ਨੂੰ ਗੋਲੀ ਮਾਰ ਦਿੱਤੀ ਸੀ। ਨਿੱਝਰ ਇਸ ਕਤਲੇਆਮ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ
ਟਰੂਡੋ ਦੇ ਇਸ ਦਾਅਵੇ ਤੋਂ ਕੁਝ ਘੰਟਿਆਂ ਬਾਅਦ ਕੈਨੇਡਾ ਨੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਮੁਲਕ ਤੋਂ ਬਾਹਰ ਕੱਢ ਦਿੱਤਾ।
ਕੈਨੇਡਾ ਸਰਕਾਰ ਵੱਲੋਂ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੀ ਧਰਤੀ ‘ਤੇ ਕਤਲ ਕਰਾਉਣ ਲਈ ਭਾਰਤ ਦੀਆਂ ਖੁਫੀਆਂ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਜਿਹੇ ਇਲਜ਼ਾਮਾਂ ਤੋਂ ਬਾਅਦ ਪੂਰੇ ਕੈਨੇਡਾ ਅਤੇ ਭਾਰਤ ‘ਚ ਤਹਿਲਕਾ ਮੱਚ ਗਿਆ ਹੈ ਅਤੇ ਕੈਨੇਡਾ ਸਰਕਾਰ ਨੇ ਜਿਸ ਰਾਅ ਦੇ ਸਟੇਸ਼ਨ ਇੰਚਾਰਜ ਅਤੇ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਕੈਨੇਡਾ ਛੱਡਣ ਦੇ ਆਦੇਸ਼ ਦਿੱਤੇ ਹਨ ਉਹ ਪੰਜਾਬ ਕੇਡਰ ਦੇ 1997 ਬੈਚ ਦੇ ਆਈ ਪੀ ਐਸ ਅਧਿਕਾਰੀ ਹਨ। ‘
ਉਹ ਜਿੰਨਾ ਚਿਰ ਪੰਜਾਬ ‘ਚ ਰਹਿੰਦੇ ਹਮੇਸ਼ ਚਰਚਾ ‘ਚ ਆਉਂਦੇ ਰਹੇ ਅਤੇ ਜਦੋਂ ਉਹ ਅੰਮ੍ਰਿਤਸਰ ‘ਚ ਐਸ ਪੀ ਸਿਟੀ ਤਾਇਨਾਤ ਸਨ ਤਾਂ ਉਨ੍ਹਾਂ ਨੇ ਇੱਕੋ ਪਰਿਵਾਰ ਦੇ 5 ਜੀਆਂ ਵੱਲੋਂ ਆਤਮ ਹੱਤਿਆ ਕਾਂਡ ਦੇ ਮਾਮਲੇ ‘ਚ ਅੰਮ੍ਰਿਤਸਰ ਦੇ ਐਸ ਐਸ ਪੀ ਕੁਲਤਾਰ ਸਿੰਘ ਦੇ ਖਿਲਾਫ ਜਾਂਚ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਕੁਲਤਾਰ ਸਿੰਘ ਨੂੰ ਸਜ਼ਾ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਅਕਾਲੀ ਐਮ ਐਲ ਏ ਦੀ ਗੱਡੀ ‘ਚੋਂ 10 ਕਿੱਲੋ ਹੈਰੋਇਨ ਅਕਾਲੀ ਸਰਕਾਰ ਦੌਰਾਨ ਹੀ ਫੜੀ ਸੀ, ਜਿਸ ਕਰਕੇ ਇਨ੍ਹਾਂ ਦਾ ਤੁਰੰਤ ਤਬਾਦਲਾ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਸ਼ਿਵ ਕੁਮਾਰ ਦੇ ਲੜਕੇ ਨੂੰ ਜਲੰਧਰ ‘ਚ ਹੋਈ ਹੀਰਿਆਂ ਦੀ ਡਕੈਤੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ।
2018 ‘ਚ ਇਹ ਵਿਦੇਸ਼ ਮੰਤਰਾਲੇ ‘ਚ ਬਤੌਰ ਸੈਕਟਰੀ ਪ੍ਰੋਸੋਨਲ ਵੱਜੋਂ ਤਾਇਨਾਤ ਹੋਏ ਸਨ, ਉਸ ਤੋਂ ਬਾਅਦ ਇਹ ਰਾਅ ‘ਚ ਚਲੇ ਗਏ ਸਨ ਅਤੇ ਇਨ੍ਹਾਂ ਨੂੰ ਕੈਨੇਡਾ ‘ਚ ਤਾਇਨਾਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ‘ਤੇ ਸਿੱਖ ਆਗੂ ਦੇ ਕਤਲ ਦਾ ਦੋਸ਼ ਲਾਇਆ ਹੈ। ਟਰੂਡੋ ਨੇ ਸੋਮਵਾਰ ਨੂੰ ਕੈਨੇਡੀਅਨ ਪਾਰਲੀਮੈਂਟ ਨੂੰ ਦੱਸਿਆ ਕਿ ਭਾਰਤੀ ਸਰਕਾਰੀ ਏਜੰਟਾਂ ਨੇ ਜੂਨ ਮਹੀਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਭਾਈਚਾਰੇ ਦੇ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰ ਦਿੱਤੀ ਸੀ।
ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 9-10 ਸਤੰਬਰ ਨੂੰ ਭਾਰਤ ਵਿੱਚ ਹੋਈ ਜੀ-20 ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਸਰਕਾਰ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਅਜਿਹੇ ਦੋਸ਼ ਲਗਾ ਰਹੇ ਹਨ।
ਇਸ ਦੇ ਨਾਲ ਹੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਇੱਕ ਭਾਰਤੀ ਡਿਪਲੋਮੈਟ ਨੂੰ ਡਿਪੋਰਟ ਕਰ ਦਿੱਤਾ ਹੈ, ਜੋ ਕੈਨੇਡਾ ਵਿੱਚ ਭਾਰਤੀ ਖੁਫੀਆ ਏਜੰਸੀ ਦਾ ਮੁਖੀ ਸੀ।
ਉਥੇ ਹੀ ਭਾਰਤ ਨੇ ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਝਰ ਆਗੂ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਲਾਏ ਦੋਸ਼ ਖਾਰਜ ਕਰ ਦਿੱਤੇ ਹਨ। ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਦੀ ਸੰਸਦ ਵਿਚ ਦਿੱਤੇ ਬਿਆਨ ਨੂੰ ਵੇਖਿਆ ਹੈ ਤੇ ਅਸੀਂ ਇਸ ਬੇਤੁਕੇ ਦੋਸ਼ ਨੂੰ ਖਾਰਜ ਕਰਦੇ ਹਾਂ।