ਪੰਜਾਬ ਸਿੱਖਿਆ ਵਿਭਾਗ ਨੇ 5994 ਈ.ਟੀ.ਟੀ. ਕਾਡਰ ਦੀ ਭਰਤੀ ਦੌਰਾਨ ਗਲਤ ਤਰੀਕਿਆਂ ਨਾਲ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ 2 ਉਮੀਦਵਾਰਾਂ ਨੂੰ ਫੜਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਪੁਲੀਸ ਨੂੰ ਦੋਵਾਂ ਉਮੀਦਵਾਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਹਰ ਭਰਤੀ ਵਿੱਚ ਪਾਰਦਰਸ਼ੀ ਚੋਣ ਪ੍ਰਣਾਲੀ ਅਪਣਾਉਣ ਦਾ ਸੁਨੇਹਾ ਵੀ ਦਿੱਤਾ ਗਿਆ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੋਟੀਆਂ ਜ਼ਿਲ੍ਹਾ ਮਾਨਸਾ ਅਤੇ ਸੰਦੀਪ ਕੁਮਾਰ ਵਾਸੀ ਪਿੰਡ ਹਾਜੀ ਬੇਟੂ ਡਾਕਖਾਨਾ ਪੰਜੇ ਕੇ ਉਤਾੜ ਵਜੋਂ ਹੋਈ ਹੈ। ਦੋਵਾਂ ਨੇ ਚੋਣ ਪ੍ਰਕਿਰਿਆ ਦੌਰਾਨ ਗਲਤ ਕਦਮ ਚੁੱਕੇ,ਪਰ ਪੜਤਾਲ ਦੌਰਾਨ ਦੋਵਾਂ ਵੱਲੋਂ ਕੀਤੀ ਜਾ ਰਹੀ ਧਾਂਦਲੀ ਫੜੀ ਗਈ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਖ਼ਤ ਕਦਮ ਚੁੱਕੇ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਈਟੀਟੀ ਕਾਡਰ ਦੀ ਭਰਤੀ ਸਬੰਧੀ ਪੜਤਾਲ ਚੱਲ ਰਹੀ ਹੈ। ਇਸ ਦੌਰਾਨ ਲਿਖਤੀ ਪ੍ਰੀਖਿਆ ਦੇ ਸਮੇਂ ਲਈ ਗਈ ਫੋਟੋ ਅਤੇ ਫਿੰਗਰ ਪ੍ਰਿੰਟ ਨਾਲ ਗੁਰਪ੍ਰੀਤ ਸਿੰਘ ਦੀ ਫਿੰਗਰ ਪ੍ਰਿੰਟ ਅਤੇ ਅਸਲੀ ਫੋਟੋ ਮੇਲ ਨਹੀਂ ਖਾਂਦੀ ਸੀ, ਜਿਸ ਤੋਂ ਬਾਅਦ ਜਾਂਚ ਕੀਤੀ ਗਈ ਅਤੇ ਦੋਸ਼ੀ ਦੀ ਜਾਅਲਸਾਜ਼ੀ ਦਾ ਮਾਮਲਾ ਸਾਹਮਣੇ ਆਇਆ।
ਦੂਜੇ ਪਾਸੇ ਪੜਤਾਲ ਦੌਰਾਨ ਸੰਦੀਪ ਕੁਮਾਰ ਨੇ ਪਿੰਡ ਫੱਤੂਵਾਲਾ ਨਿਵਾਸੀ ਨਰਿੰਦਰਪਾਲ ਸਿੰਘ ਦਾ ਜਾਅਲੀ ਆਧਾਰ ਕਾਰਡ ਅਤੇ ਜਾਅਲੀ ਵੋਟਰ ਕਾਰਡ ਦੀ ਵਰਤੋਂ ਕੀਤੀ ਪਰ ਬਾਇਓਮੈਟ੍ਰਿਕ ਪ੍ਰਕਿਰਿਆ ਦੌਰਾਨ ਸੰਦੀਪ ਕੁਮਾਰ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ।