JalandharPunjab

CM ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ADGP ਅਰਪਿਤ ਸ਼ੁਕਲਾ ਨੇ ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੇ ਚੈਕ ਸੌਂਪੇ

– DGP ਪੰਜਾਬ ਗੌਰਵ ਯਾਦਵ ਨੇ ਪੰਜਾਬ ਪੁਲਿਸ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ

– ਕਾਂਸਟੇਬਲ ਮਨਦੀਪ ਸਿੰਘ ਦੇ ਨਾਂ ਦੀ ਰਾਸ਼ਟਰਪਤੀ ਬਹਾਦਰੀ ਪੁਰਸਕਾਰ (ਮਰਨ ਉਪਰੰਤ) ਲਈ ਕੀਤੀ ਗਈ ਹੈ ਸਿਫਾਰਸ਼ : ADGP ਅਰਪਿਤ ਸ਼ੁਕਲਾ

ਚੰਡੀਗੜ/ਜਲੰਧਰ, ਐਸ ਐਸ ਚਾਹਲ/ਐਚ ਐਸ ਚਾਵਲਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ, ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਸ਼ਨੀਵਾਰ ਨੂੰ ਆਪਣੇ ਡਿਊਟੀ ਦੌਰਾਨ ਸ਼ਹੀਦੀ ਜਾਮ ਪੀਣ ਵਾਲੇ ਪੰਜਾਬ ਪੁਲਿਸ ਦੇ ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ (1-1 ਕਰੋੜ ਰੁਪਏ) ਦੇ ਦੋ ਚੈਕ ਸੌਂਪੇ।

2013 ਬੈਚ ਦਾ ਕਾਂਸਟੇਬਲ ਮਨਦੀਪ ਸਿੰਘ (32) ਜੋ ਕਿ ਸ਼ਾਹਕੋਟ, ਜਲੰਧਰ ਦੇ ਪਿੰਡ ਕੋਟਲੀ ਗਾਜਰਾਂ ਦਾ ਰਹਿਣ ਵਾਲਾ ਸੀ ਅਤੇ ਇੱਕ ਕੱਪੜਾ ਵਪਾਰੀ ਮਿ੍ਰਤਕ ਭੁਪਿੰਦਰ ਸਿੰਘ ਉਰਫ ਟਿੰਮੀ ਨਾਲ ਗੰਨਮੈਨ ਵਜੋਂ ਤਾਇਨਾਤ ਸੀ, ਜੋ ਇੱਕ ਬਹਾਦਰੀ ਭਰੇ ਤੇ ਜੋਖ਼ਮ ਭਰਪੂਰ ਕਾਰਜ ਨੂੰ ਅੰਜਾਮ ਦਿੰਦੇ ਹੋਏ, ਉਹ 7 ਦਸੰਬਰ, 2022 ਨੂੰ ਨਕੋਦਰ ਵਿੱਚ ਹਮਲਾਵਰਾਂ ਨਾਲ ਮੁੱਠਭੇੜ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ।

ਸ਼ਹੀਦ ਸਿਪਾਹੀ ਦੀ ਇਸ ਮਹਾਨ ਕੁਰਬਾਨੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਪਰਿਵਾਰ ਨੂੰ ਸਨਮਾਨ ਦੇਣ ਵਜੋਂ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। 2 ਕਰੋੜ ਰੁਪਏ ਦੀ ਰਕਮ ਵਿੱਚ ਰਾਜ ਸਰਕਾਰ ਦੁਆਰਾ ਐਕਸ-ਗ੍ਰੇਸੀਆ ਵਜੋਂ 1 ਕਰੋੜ ਰੁਪਏ ਸ਼ਾਮਲ ਹਨ ਜਦੋਂ ਕਿ 1 ਕਰੋੜ ਰੁਪਿਆ ਬੀਮਾ ਕਵਰ ਵਜੋਂ ਐਚਡੀਐਫਸੀ ਬੈਂਕ ਵੱਲੋਂ ਅਦਾ ਕੀਤਾ ਗਿਆ ਹੈ।

ਏ.ਡੀ.ਜੀ.ਪੀ , ਜਲੰਧਰ ਰੇਂਜ ਦੇ ਇੰਸਪੈਕਟਰ ਜਨਰਲ ਗੁਰਸ਼ਰਨ ਸਿੰਘ ਸੰਧੂ ਦੇ ਨਾਲ ਸ਼ਾਹਕੋਟ ਦੇ ਪਿੰਡ ਕੋਟਲੀ ਗਾਜਰਾਂ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸ਼ਹੀਦ ਨਿਮਿੱਤ ਅੰਤਿਮ ਅਰਦਾਸ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।

ਏ.ਡੀ.ਜੀ.ਪੀ ਅਰਪਿਤ ਸ਼ੁਕਲਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨਾਂ ਨੇ ਸੂਬਾ ਸਰਕਾਰ ਦੀ ਤਰਫੋਂ 1 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ, ਜਦਕਿ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਭਲਾਈ ਨੀਤੀ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਚ.ਡੀ.ਐਫ.ਸੀ. ਬੈਂਕ ਦੀ ਤਰਫੋਂ ਸ਼ਹੀਦ ਪਰਿਵਾਰ ਨੂੰ 1 ਕਰੋੜ ਰੁਪਏ ਦਾ ਇੱਕ ਹੋਰ ਚੈੱਕ ਵੀ ਦਿੱਤਾ ਹੈ।

ਉਨਾਂ ਕਿਹਾ ਕਿ ਸ਼ਹੀਦ ਦੀ ਇਸ ਲਾਸਾਨੀ ਤੇ ਮਹਾਨ ਕੁਰਬਾਨੀ ਸਦਕਾ ਸ਼ਹੀਦ ਮਨਦੀਪ ਸਿੰਘ ਦਾ ਨਾਂ ਰਾਸ਼ਟਰਪਤੀ ਬਹਾਦਰੀ ਪੁਰਸਕਾਰ (ਮਰਨ ਉਪਰੰਤ) ਲਈ ਵੀ ਸਿਫਾਰਸ਼ ਵੀ ਕੀਤਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦ ਪਰਿਵਾਰ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ।

ਜ਼ਿਕਰਯੋਗ ਹੈ ਕਿ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਰਾਜ ਸਰਕਾਰ ਦੀ ਸੈਨਿਕਾਂ (ਹਥਿਆਰਬੰਦ ਬਲਾਂ, ਅਰਧ ਸੈਨਿਕ ਅਤੇ ਪੁਲਿਸ ਤੋਂ) ਅਤੇ ਉਨਾਂ ਦੇ ਪਰਿਵਾਰਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਤਹਿਤ ਹੈ।

Leave a Reply

Your email address will not be published.

Back to top button