ਅਮਰੀਕਾ ਸਰਹੱਦ ਨੇੜੇ ਸੇਂਟ ਲਾਰੈਂਸ ਨਦੀ ਦੇ ਕੰਢੇ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 2 ਬੱਚਿਆਂ ਸਮੇਤ 8 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ 5 ਭਾਰਤੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਕਿਸ਼ਤੀ ਦੇ ਨੇੜੇ ਮਿਲੀਆਂ ਹਨ।
ਲਾਸ਼ਾਂ 2 ਪਰਿਵਾਰਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਪਰਿਵਾਰ ਭਾਰਤੀ ਸੀ, ਜਦਕਿ ਦੂਜਾ ਪਰਿਵਾਰ ਰੋਮਾਨੀਆ ਮੂਲ ਦਾ ਸੀ, ਜਿਨ੍ਹਾਂ ਕੋਲੋਂ ਕੈਨੇਡੀਅਨ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਦੂਜੇ ਪਾਸੇ ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਪੁਲਿਸ ਮੁਖੀ ਸੀਨ ਡੁਲੂਡੇ ਨੇ ਕਿਹਾ ਕਿ ਪਾਣੀ ਵਿਚੋਂ ਕੁੱਲ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ 6 ਬਾਲਗ ਤੇ 2 ਬੱਚੇ ਸ਼ਾਮਲ ਹਨ। ਵੀਰਵਾਰ ਦੇਰ ਸ਼ਾਮ ਪਹਿਲੇ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। 2 ਵਿਅਕਤੀਆਂ ਜਿਨ੍ਹਾਂ ਦੀਆਂ ਲਾਸ਼ਾਂ ਬਾਅਦ ਵਿਚ ਮਿਲੀਆਂ ਸਨ, ਇਕ ਰੋਮਾਨੀਅਨ ਮੂਲ ਦਾ ਬੱਚਾ ਤੇ ਇਕ ਭਾਰਤੀ ਔਰਤ ਸ਼ਾਮਲ ਹੈ।