IndiaPunjab

ਗੈਰ-ਹਾਜ਼ਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ – ਮੰਤਰੀ ਚੀਮਾ

ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਡਿਸਟਿਲਰੀਆਂ ਅਤੇ ਬੋਟਲਿੰਗ ਪਲਾਂਟਾਂ ‘ਤੇ ਤਾਇਨਾਤ ਆਬਕਾਰੀ ਅਤੇ ਕਰ ਅਧਿਕਾਰੀਆਂ (ਈ.ਟੀ.ਓਜ਼) ਅਤੇ ਆਬਕਾਰੀ ਇੰਸਪੈਕਟਰਾਂ ਦੀ ਹਾਜ਼ਰੀ ਦੀ ਆਬਕਾਰੀ ਵਿਭਾਗ ਦੀ ਈ-ਸਰਵੇਲੈਂਸ ਪ੍ਰਣਾਲੀ ਰਾਹੀਂ ਅਚਨਚੇਤ ਚੈਕਿੰਗ ਕੀਤੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਆਬਕਾਰੀ ਅਤੇ ਕਰ ਭਵਨ ਵਿਖੇ ਆਬਕਾਰੀ ਇਨਫੋਰਸਮੈਂਟ ਅਧਿਕਾਰੀਆਂ ਲਈ ਅਧਿਕਾਰਤ ਜੈਕੇਟ ਲਾਂਚ ਕਰਨ ਲਈ ਪੁੱਜੇ ਹੋਏ ਸਨ, ਨੇ ਡਿਸਟਿਲਰੀਆਂ, ਬਰੂਅਰੀਜ਼ ਅਤੇ ਬੋਟਲਿੰਗ ਪਲਾਂਟਾਂ ਦੇ ਨਿਰਮਾਣ ਯੂਨਿਟਾਂ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਨਾਲੋ-ਨਾਲ ਕੀਤੀ ਜਾ ਰਹੀ ਈ-ਨਿਗਰਾਨੀ ਦਾ ਜਾਇਜ਼ਾ ਲੈਣ ਲਈ ਮੁੱਖ ਦਫਤਰ, ਮੋਹਾਲੀ ਵਿਖੇ ਚਲਾਏ ਜਾ ਰਹੇ ਕੰਟਰੋਲ ਰੂਮ ਦਾ ਦੌਰਾ ਕੀਤਾ।

ਇਸ ਮੌਕੇ ਉਨ੍ਹਾਂ ਇਨ੍ਹਾਂ ਯੂਨਿਟਾਂ ਵਿੱਚ ਤਾਇਨਾਤ ਆਬਕਾਰੀ ਇੰਸਪੈਕਟਰਾਂ ਅਤੇ ਆਬਕਾਰੀ ਅਧਿਕਾਰੀਆਂ ਦੀ ਹਾਜ਼ਰੀ ਵੀ ਚੈਕ ਕੀਤੀ ਅਤੇ ਗੈਰਹਾਜ਼ਰ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਆਪਣੀ ਡਿਊਟੀ ਦੌਰਾਨ ਵਰਤੀ ਗਈ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕਰੇਗੀ।

ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਸ. ਹਰਪਾਲ ਸਿੰਘ ਚੀਮਾ ਨੇ ਆਬਕਾਰੀ ਇੰਸਪੈਕਟਰਾਂ, ਆਬਕਾਰੀ ਅਧਿਕਾਰੀਆਂ ਸਮੇਤ ਇਸ ਤੋਂ ਤੋਂ ਉੱਪਰਲੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਲਈ ਅਧਿਕਾਰਤ ਜੈਕਟਾਂ ਨੂੰ ਲਾਂਚ ਕੀਤਾ। ਇਨ੍ਹਾਂ ਹਾਫ ਜੈਕਟਾਂ ‘ਤੇ ਆਬਕਾਰੀ ਵਿਭਾਗ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਲੋਗੋ ਵੀ ਹੈ ਅਤੇ ਰਾਤ ਵੇਲੇ ਨਾਕੇ ਅਤੇ ਛਾਪੇਮਾਰੀ ਦੌਰਾਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਚਮਕਦਾਰ ਪੱਟੀਆਂ ਲਗਾਈਆਂ ਗਈਆਂ ਹਨ। ਇੰਨਫੋਰਸਮੈਂਟ ਗਤੀਵਿਧੀਆਂ ਨਾਲ ਸਬੰਧਤ ਆਬਕਾਰੀ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀਆਂ ਅਧਿਕਾਰਤ ਜੈਕਟਾਂ ਜਾਂ ਪਹਿਰਾਵੇ ਦੀ ਮੰਗ ਕਰ ਰਹੇ ਸਨ।

Leave a Reply

Your email address will not be published.

Back to top button