
ਲੁਧਿਆਣਾ ਨੂਰਵਾਲਾ ਰੋਡ ਸਥਿਤ ਗੋਲਡਨ ਬਿਹਾਰ ਕਾਲੋਨੀ ਇਲਾਕੇ ‘ਚ ਪਿਸ਼ਾਬ ਕਰ ਰਹੇ ਇਕ ਨੌਜਵਾਨ ਨੂੰ ਰੋਕਣ ‘ਤੇ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਟਾਂ-ਰੋੜੇ ਮਾਰ ਕੇ ਉਸ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉੱਥੇ ਜਮ੍ਹਾਂ ਹੋਏ ਇਲਾਕੇ ਦੇ ਲੋਕਾਂ ਨੇ ਪੰਜਾਂ ਮੁਲਜ਼ਮਾਂ ਨੂੰ ਫੜ ਕੇ ਇਕ ਕਮਰੇ ਵਿੱਚ ਬੰਦ ਕਰ ਦਿੱਤਾ।
ਘਟਨਾ ਦਾ ਪਤਾ ਲੱਗਦਿਆਂ ਹੀ ਏਸੀਪੀ ਉੱਤਰੀ ਮਨਿੰਦਰ ਬੇਦੀ ਤੇ ਥਾਣਾ ਬਸਤੀ ਜੋਧੇਵਾਲ ਦੇ ਇੰਚਾਰਜ ਗੁਰਮੁੱਖ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਤੇ ਪੰਜਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ। ਪੁਲਿਸ ਅਧਿਕਾਰੀ ਉਨ੍ਹਾਂ ਤੋਂ ਪੁੱਛਗਿੱਛ ‘ਚ ਜੁਟੇ ਹੋਏ ਹਨ। ਇਨ੍ਹਾਂ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਮ੍ਰਿਤਕ ਦੀ ਪਛਾਣ ਗੋਲਡਨ ਵਿਹਾਰ ਕਲੋਨੀ ਵਾਸੀ ਰਾਮ ਜਿਆਵਨ ਵਜੋਂ ਹੋਈ ਹੈ। ਉਹ ਮੂਲ ਰੂਪ ‘ਚ ਦੁਰਗਾਪੁਰ ਬਾਜ਼ਾਰ ਪਿੰਡ ਮਾਧਵਪੁਰ, ਜ਼ਿਲ੍ਹਾ ਸੁਲਤਾਨਪੁਰ, ਉੱਤਰ ਪ੍ਰਦੇਸ਼ ਦਾ ਵਸਨੀਕ ਸੀ।