AmritsarPunjabReligious
Trending

ਜਥੇਦਾਰਾਂ ਦੇ ਲਲਕਾਰਿਆਂ ਨੇ … ਟਕਰਾਏ ਤਖਤ, ਰੱਬ ਖੈਰ ਕਰੇ..! ਬਾਦਲ ਦਲ ਹਾਸ਼ੀਏ ‘ਤੇ

The challenges of the Jathedars... clashed with the throne, God bless you..!

📢ਜਥੇਦਾਰਾਂ ਦੇ ਲਲਕਾਰਿਆਂ ਨੇ … ਟਕਰਾਏ ਤਖਤ, ਰੱਬ ਖੈਰ ਕਰੇ..!*
 *👇ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਪੜ੍ਹੋ ਵਿਸ਼ੇਸ਼ ਰਿਪੋਰਟ👇*
ਸਿੱਖ ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਬੜਾ ਮਹੱਤਵ ਹੈ ਜਿਹੜਾ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਅਕਾਲ ਤਖਤ ਦੀ ਸਿਰਜਣਾ ਖੁਦ ਕੀਤੀ ਜਦ ਕਿ ਕਿਸੇ ਵੀ ਹੋਰ ਵਿਅਕਤੀ ਦਾ ਹੱਥ ਇਸ ਨੂੰ ਨਹੀਂ ਲੱਗਣ ਦਿੱਤਾ।ਕਿਹਾ ਜਾਂਦਾ ਹੈ ਕਿ ਦਿੱਲੀ ਤਖਤ ਨਾਲੋਂ ਇਹ ਤਖਤ ਛੇ ਇੰਚ ਉੱਚਾ ਹੈ।ਸ੍ਰੀ ਅਕਾਲ ਤਖਤ ਤੋਂ ਇਲਾਵਾਂ ਬਾਕੀ ਚਾਰ ਤਖਤ ਬਾਅਦ ਵਿੱਚ ਸਾਡੇ ਪੁਰਵਜ਼ਾ ਨੇ ਲੋੜਾ ਅਨੁਸਾਰ ਉਸਾਰੇ ਹਨ ਪਰ ਅੱਜ ਇਹ ਤਖਤ ਆਪਣੀ ਆਪਣੀ ਸਰਵਉੱਚਤਾ ਨੂੰ ਲੈ ਕੇ ਇਸ ਕਦਰ ਆਹਮੋ ਸਾਹਮਣੇ ਹੋ ਗਏ ਹਨ ਕਿ ਅਕਾਲ ਤਖਤ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਕਾਲੀ ਦਲ ਦੇ ਲੀਡਰਾਂ ਵਿਚਕਾਰ “ ਸਰਦਾਰੀ” ਦੇ ਸਵਾਲ ਨੂੰ ਲੈ ਕੇ ਆਪਸੀ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ ਪਰ ਤਖਤਾਂ ਦੇ ਟਕਰਾ ਨੇ ਸਿੱਖ ਪੰਥ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕੀਤੇ ਹਨ।ਜਿਸ ਤਰ੍ਹਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਆਪਣੀ ਅਜ਼ਾਦ ਹਸਤੀ ਦਾ ਮੁਜ਼ਾਹਰਾ ਕੀਤਾ ਹੈ ਉਸ ਨਾਲ ਸਿੱਖ ਪੰਥ ਵਿੱਚ ਆਪਸੀ ਟਕਰਾ ਦੀ ਸਥਿਤੀ ਸਾਹਮਣੇ ਆ ਗਈ ਹੈ।
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੇ ਜਿਸ ਦਿਨ ਤੋਂ ਆਪਣਾ ਆਹੁਦਾ ਸੰਭਾਲਿਆ ਹੈ ਉਹ ਪੰਥਕ ਏਕਤਾ ਦਾ ਗੱਲ ਕਰਦੇ ਆ ਰਹੇ ਹਨ ਪਰ ਹਾਲੁੇ ਤੱਕ ਉਹਨਾਂ ਨੂੰ ਸਮੁੱਚਤਾ ਦੀ ਪ੍ਰਵਾਨਗੀ ਨਹੀ ਮਿਲੀ।ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਇੱਕ ਸਿੱਖ ਪ੍ਰਚਾਰਕ ਹੈ ਤੇ ਅੱਜ ਉਸ ਦੇ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਸ਼ਰਧਾਲੂ ਹਨ।ਅਕਸਰ ਆਪਣੇ ਲਿਬਾਸ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਸ ਤਰ੍ਹਾਂ ਅਕਾਲ ਤਖਤ ‘ਤੇ ਪੇਸ਼ ਹੋ ਕੇ ਆਪਣੀ ਭੂੱਲ ਬਖਸ਼ਾਈ ਹੈ ਉਥੋਂ ਤੱਕ ਤਾਂ ਸਭ ਕੁਝ ਬਿਲਕੁਲ ਠੀਕ ਹੈ ਪਰ ਅਕਾਲ ਤਖਤ ਤੋਂ ਜਿਸ ਤਰੀਕੇ ਨਾਲ ਵਿਵਾਦਤ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰੇ ਏ ਮਸਕੀਨ ਨੂੰ ਕਲੀਨ ਚਿੱਟ ਦਿੱਤੀ ਗਈ ਉਸ ਨੂੰ ਲੈ ਕੇ ਹੜਕੰਪ ਮੱਚ ਗਿਆ।
ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਜਿਸ ਤਰੀਕੇ ਨਾਲ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਸਮੇਤ ਪੂਰੀ ਕਮੇਟੀ ਨੂੰ ਭਾਈ ਕੁਲਦੀਪ ਸਿੰਘ ਗੜਗੱਜ ਨੇ ਤਲਬ ਕਰ ਲਿਆ ਤਾਂ ਫਿਰ ਤੂਫਾਨ ਆ ਗਿਆ।ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਬਰਾਬਰ ਦੀ ਕਾਰਵਾਈ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਤੇ ਤਖਤ ਸ੍ਰੀ ਦਮਦਮਾ ਸਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੂੰ ਤਨਖਾਹੀਆਂ ਕਰਾਰ ਦੇ ਦਿੱਤਾ ਜਦ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਘਟਨਾ ਦਾ ਮੁੱਖ ਦੋਸ਼ੀ ਮੰਨਦੇ ਹੋਏ 10 ਦਿਨਾਂ ਦੇ ਅੰਦਰ ਅੰਦਰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ।
ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਖਤ ‘ਤੇ ਬੈਠ ਕੇ ਵੀ ਜੋਤਿਸ਼ ਦੀਆਂ ਬਾਤਾਂ ਪਾਉਦੇ ਰਹੇ ਸਨ ਤੇ ਉਹਨਾਂ ਦਾ ਕਿਰਦਾਰ ਵੀ ਹਮੇਸ਼ਾਂ ਨਿਰਾਲਾ ਰਿਹਾ। ਉਹ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਮਾਨਤਾ ਦੇਣ ਤੋਂ ਇਨਕਾਰ ਕਰਦੇ ਸਨ ਤੇ ਉਹਨਾਂ ਦਾ ਕਹਿਣਾ ਸੀ ਕਿ ਪਟਨਾ ਸਾਹਿਬ ਸੁਪਰੀਮ ਹੈ।ਇਸ ਸਰਵਉੱਚਤਾ ਦੀ ਲੜਾਈ ਵਿੱਚ ਤਖਤਾਂ ਦੀ ਪ੍ਰਭਸੱਤਾ ਦਾ ਨਿਰਾਦਰ ਹੀ ਨਹੀ ਹੋ ਰਿਹਾ ਸਗੋਂ ਪ੍ਰਭੂਸੱਤਾ ਨੂੰ ਠੇਸ ਵੀ ਪੁੱਜ ਰਹੀ ਹੈ।
ਤਖਤ ਸ੍ਰੂੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰਣਜੀਤ ਸਿੰਘ ਗੌਹਰੇ ਏ ਮਸਕੀਨ ਨੂੰ ਕਲੀਨ ਚਿੱਟ ਮਿਲਣ ਉਪਰੰਤ ਉਹ ਤੁਰੰਤ 60-70 ਵਿਅਕਤੀਆਂ ਨੂੰ ਨਾਲ ਲੈ ਕੇ ਤਖਤ ਦਾ ਕਬਜ਼ਾ ਲੈਣ ਆ ਧਮਕਿਆ ਜਿਵੇਂ ਕਿਸੇ ਜ਼ਮੀਨ ਦਾ ਕਬਜ਼ਾ ਲੈਣਾ ਹੋਵੇ।ਦੋਹਾਂ ਧਿਰਾਂ ਵਿੱਚਕਾਰ ਟਕਰਾ ਵਾਲਾ ਮਾਹੌਲ ਬਣ ਗਿਆ ਪਰ ਕੁਝ ਸਿਆਣੇ ਲੋਕਾਂ ਦੀ ਦਖਲਅੰਦਾਜ਼ੀ ਤੇ ਪ੍ਰਸ਼ਾਸ਼ਨ ਵੱਲੋਂ ਚੁੱਕੇ ਗਏ ਕਦਮਾ ਨੂੰ ਲੈ ਕੇ ਟਕਰਾ ਤਾਂ ਭਾਵੇ ਟਲ ਗਿਆ ਪਰ ਤਨਾਅ ਹਾਲੇ ਵੀ ਬਣਿਆ ਹੋਇਆ ਹੈ।ਗਿਆਨੀ ਗੌਹਰ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ।
ਰਣਜੀਤ ਸਿੰਘ ਗੌਹਰੇ ਏ ਮਸਕੀਨ ਦਾ ਰਿਕਾਰਡ ਵੀ ਕੋਈ ਸਾਫ ਨਹੀਂ ਸਗੋਂ ਪਿਛੋਕੜ ਵੀ ਕਾਫੀ ਵਿਵਾਦਤ ਹੈ।ਉਸ ਉਪਰ ਫੌਜਦਾਰੀ ਦੇ ਵੀ ਦੋਸ਼ ਲੱਗੇ ਪਰ ਹਾਲੇ ਤੱਕ ਉਹ ਸਿੱਧ ਨਹੀਂ ਹੋ ਸਕੇ।2019 ਵਿੱਚ ਜਦੋਂ ਉਹ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਬਣੇ ਤਾਂ ਉਹਨਾਂ ਨੂੰ ਤੱਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਤੇ  ਤਖਤ ਸ੍ਰੀ ਪਟਨਾ ਸਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਗਰਮਜੋਸ਼ੀ ਨਾਲ ਸੁਆਗਤ ਕਰਦਿਆਂ ਉਸ ਨੂੰ ਪੰਥਕ ਵਿਦਵਾਨ ਕਿਹਾ ਸੀ।ਜਲਦੀ ਹੀ ਇਹ ਇਸ ਵਿਦਵਤਾ ਵਿੱਚ ਖਟਾਸ ਪੈਦਾ ਸੂਰੂ ਹੋ ਗਈ ਤੇ ਦੋਹਾਂ ਧਿਰਾਂ ਵਿਚਕਾਰ ਠੰਡੀ ਜੰਗ ਸ਼ੁਰੂ ਹੋ ਗਈ।12 ਸਤੰਬਰ 2019 ਤੋਂ 28 ਅਗਸਤ 2022 ਤੱਕ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਜਥੇਦਾਰ ਰਹੇ ਤੇ ਇਹਨਾਂ ਦਾ ਇਹ ਸਮਾਂ ਵੀ ਵਿਵਾਦਾਂ ਵਿੱਚ ਹੀ ਰਿਹਾ।ਕਈ ਪ੍ਰਕਾਰ ਦੇ ਉਹਨਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ।ਇਹ ਵੀ ਕਨਸੋਆ ਆ ਰਹੀਆਂ ਸਨ ਕਿ ਗੋਹਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਵੀ ਲਗਾਇਆ ਜਾ ਸਕਦਾ ਸੀ ਪਰ ਤੱਤ ਭੜੱਥ ਵਿੱਚ ਹੀ ਬਾਬਾ ਟੇਕ ਸਿੰਘ ਧਨੌਲਾ ਨੂੰ ਸੇਵਾ ਸੋਂਪ ਦਿੱਤੀ।
ਪੰਜਾਬ ਦੇ ਪੰਜ ਤਖਤਾਂ ਦੇ ਜਥੇਦਾਰ ਤੋਂ ਉਪਰ ਇੱਕ ਹੋਰ ਜਥੇਦਾਰ ਵੀ ਹੈ ਜਿਸ ਦਾ ਨਾਮ ਹੈ ਸੁਖਬੀਰ ਸਿੰਘ ਬਾਦਲ ਹੈ।ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਵਿੱਚ 25 ਕਰੋੜ ਰੁਪਏ ਖਰਚ ਕੀਤੇ ਹਨ ਤੇ ਇਸ ਲਈ ਧਾਮੀ ਸਾਹਿਬ ਤੁਸੀ ਕਿਸੇ ਵੀ ਪ੍ਰਕਾਰ ਦੀ ਦਖਲਅੰਦਾਜ਼ੀ ਨਾ ਕਰੋ।2 ਦਸੰਬਰ 2024 ਅਤੇ ਉਸ ਤੋਂ ਪਹਿਲਾਂ ਗੌਹਰ ਨੇ ਸੁਖਬੀਰ ਸਿੰਘ ਬਾਦਲ ਤੇ ਬਾਦਲ ਦਲ ਦੀ ਪੁਸ਼ਤਪਨਾਹੀ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਤੇ ਤਖਤਾ ਦੇ ਜਥੇਦਾਰਾਂ ਦੀ ਰੱਜ ਕੇ ਭੰਡੀ ਪ੍ਰਚਾਰ ਕੀਤਾ ਸੀ।ਸੁਖਬੀਰ ਸਿੰਘ ਬਾਦਲ ਦੀ ਚਮਚਾਗਿਰੀ ਹੀ ਨਹੀ ਸਗੋਂ ਕੜਛਾਗਿਰੀ ਕਰਕੇ ਉਹ ਪੰਜਾਬ ਦੇ ਕਿਸੇ ਤਖਤ ਦਾ ਜਥੇਦਾਰ ਬਣਨ ਦੇ ਸੁਫਨੇ ਲੈਣ ਲੱਗ ਪਿਆ ਸੀ ਪਰ ਉਸ ਦੀ ਇਸ ਖਾਹਿਸ਼ ਨੂੰ ਬੂਰ ਤਾਂ ਨਹੀ ਪਿਆ ਪਰ ਉਹ ਤਖਤ ਸ੍ਰੀ ਪਟਨਾ ਸਹਿਬ ਵਿਖੇ ਆਪਣੀਆਂ ਸੇਵਾਂਵਾਂ ਬਹਾਲ ਕਰਵਾਉਣ ਵਿੱਚ ਕਾਮਯਾਬ ਜਰੂਰ ਹੋਇਆ।ਗੌਹਰ ਨੇ ਤਾਂ ਇੱਕ ਭਾਜਪਾ ਆਗੂ ਨੂੰ ਕਿਹਾ ਕਿ ਉਹ ਅਮਿਤ ਸ਼ਾਹ ਰਾਹੀ ਪੁਲ਼ੀਸ ਦੇ ਡੰਡੇ ਨਾਲ ਉਹਨਾਂ ਚਾਰਜ ਦਿਵਾ ਦੇਣ ਪਰ ਇਹ ਵੀ ਸੰਭਵ ਨਹੀਂ ਹੋ ਸਕਿਆ।
ਤਖਤਾਂ ਦੀ ਤੌਹੀਨ ਤੇ ਜਥੇਦਾਰਾਂ ਦੀ ਦੁਰਵਰਤੋ ਇਹ ਪਹਿਲੀ ਵਾਰੀ ਨਹੀ ਹੋਈ ਪਰ ਇਸ ਵਾਰੀ ਤਾਂ ਪਹਿਲੀ ਜੁਲਾਈ 2024 ਨੂੰ ਮੁੁੱਢ ਉਸ ਵੇਲੇ ਬੱਝ ਗਿਆ ਸੀ ਜਦੋਂ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਕਬੂਲਨਾਮਾ ਦੇ ਕੇ ਕਾਰਵਾਈ ਦੀ ਮੰਗ ਕਰਦਿਆ ਕਿਹਾ ਸੀ ਕਿ ਅਕਾਲੀ ਸਰਕਾਰ ਸਮੇਂ ਹੋਈਆਂ ਪੰਥ ਵਿਰੋਧੀ ਖੁਰਾਫਾਤੀਆਂ ਲਈ ਉਹ ਵੀ ਬਰਾਬਰ ਦੇ ਭਾਂਵੇ ਦੋਸ਼ੀ ਹਨ ਤੇ ਸੁਖਬੀਰ ਸਿੰਘ ਬਾਦਲ ਤੇ ਵੀ ਸੰਗੀਨ ਦੋਸ਼ ਲਗਾਏ ਸਨ ਤੇ ਉਹਨਾਂ ਨੇ ਅਕਾਲ ਤਖਤ  ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦੀ ਮੰਗ ਕੀਤੀ।2 ਦਸੰਬਰ 2024 ਨੂੰ ਜਿਸ ਤਰੀਕੇ ਨਾਲ ਅਕਾਲ ਤਖਤ ਤੋ ਅਕਾਲੀ ਆਗੂਆਂ ਦੇ ਖਿਲ਼ਾਫ ਕਾਰਵਾਈ ਕੀਤੀ ਗਈ ਉਹ ਇੱਕ ਇਤਿਹਾਸਕ ਕਾਰਵਾਈ ਮੰਨੀ ਜਾਣ ਲੱਗੀ। ਦੂਜੇ ਧਰਮਾਂ ਦੇ ਲੋਕਾਂ ਨੇ ਵੀ ਰਾਹ ਰੋਕ ਇਹ ਕਾਰਵਾਈ ਵੱਖ ਵੱਖ ਚੈਨਲਾਂ ਤੇ ਵੇਖੀ ਤਾਂ ਉਹਨਾਂ ਨੇ ਵੀ ਇਸ ਦੀ ਸ਼ਲਾਘਾ ਕੀਤੀ ਪਰ ਇਹ ਚੜਦੀ ਕਲਾ ਜ਼ਿਆਦਾ ਦੇਰ ਨਾ ਰਹਿ ਸਕੀ ਤੇ ਪਹਿਲ਼ਾ ਝਟਕਾ ਅਕਾਲ ਤਖਤ ਨੂੰ ਉਸ ਵੇਲੇ ਲੱਗਾ ਜਦੋਂ ਸੁਖਬੀਰ ਸਿੰਘ ਬਾਦਲ ਨੇ ਇੱਕ ਅਕਾਲੀ ਮੀਟਿੰਗ ਦੌਰਾਨ ਅਕਾਲ ਤਖਤ ਤੋਂ ਮੰਗੀ ਗਈ ਮੁਆਫੀ ਨੂੰ ਮੁੱਢੋ ਹੀ ਰੱਦ ਕਰਦਿਆ ਕਿਹਾ ਕਿ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ।ਇਥੇ ਹੀ ਬੱਸ ਨਹੀਂ ਹੋਈ ਸਗੋਂ ਬਾਦਲ ਦਲ ਨੇ ਅਕਾਲ ਤਖਤ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰਕੇ ਅਕਾਲ ਤਖਤ ਤੋਂ ਬਣਾਈ ਗਈ ਸੱਤ ਮੈਂਬਰੀ ਭਰਤੀ ਕਮੇਟੀ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਕੇ ਆਪਣੇ ਪੱਧਰ ਤੇ ਹੀ ਭਰਤੀ ਸ਼ੁਰੂ ਕਰ ਦਿੱਤੀ।ਇਸ ਤਰ੍ਹਾਂ ਅਕਾਲੀ ਦਲ ਪੂਰੀ ਤਰ੍ਹਾ ਦੋ ਧੜਿਆਂ ਵਿੱਚ ਵੰਡਿਆ ਗਿਆ। ਇੱਕ ਧੜਾ ਸੁਖਬੀਰ ਸਿੰਘ ਬਾਦਲ ਤੇ ਦੂਜਾ ਧੜਾ ਅਕਾਲ ਤਖਤ ਨੂੰ ਪਰਨਾਿੲਆ ਹੋਇਆ ਧੜਾ ਬਣ ਗਿਆ।ਇਥੋਂ ਹੀ ਲੜਾਈ ਦਾ ਮੁੱਢ ਬੱਝਾ ਤੇ ਫਿਰ ਸਫਬੰਦੀ ਹੋਣੀ ਸ਼ੁਰੂ ਹੋ ਗਈ। ਅੱਜ ਸੰਗਤਾਂ ਦੀ ਕਚਿਹਰੀ ਵਿੱਚ ਅਕਾਲ ਤਖਤ ਦੀ ਪੰਜ ਮੈਂਬਰੀ ਕਮੇਟੀ ਨੂੰ ਤਾਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਬਾਦਲ ਦਲ ਹਾਸ਼ੀਏ ਤੇ ਖੜਾ ਨਜ਼ਰ ਆ ਰਿਹਾ ਹੈ।
21 ਮਈ 2025 ਨੂੰ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਬਾਬਾ ਟੇਕ ਸਿੰਘ ਧਨੋਲ਼ਾ ਜਥੇਦਾਰ ਤਖਤ ਸ੍ਰੀ ਦਮਦਮਾ ਸਹਿਬ, ਸੱਚਖੰਡ ਸ਼੍ਰੀ ਹਰਿਮੰਦਰ ਸਾਿਹਬ ਦੇ ਗੰਥੀ ਗਿਆਨੀ ਰਾਜਦੀਪ ਸਿੰਘ , ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਤੇ ਸ੍ਰੀ ਅਕਾਲ ਤਖਤ ਦੇ ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਗੁਰਬਖਸ਼ੀਸ਼ ਨੇ ਗੁਰਮਤਾ ਕਰਕੇ ਜਿਥੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਉਥੇ ਗਿਆਨੀ ਰਣਜੀਤ ਸਿੰਘ ਗੋਰਹੇ ਮਸਕੀਨ ਨੂੰ ਕਲੀਨ ਚਿੱਟ ਦੇਣ ਉਪਰੰਤ ਹੜਕੰਪ ਮੱਚ ਗਿਆ ਤੇ ਗੜਗੱਜ ਦੀ ਕੀਤੀ ਕਰਤੀ ਤੇ ਗੜੇਮਾਰੀ ਹੋ ਗਈ।ਗੜਗੱਜ ਸਹਿਬ ਨੇ ਗਰਜਦਿਆ ਤਖਤ ਸ੍ਰੀ ਪਟਨਾ ਸਹਿਬ ਦੇ ਹੈਡ ਗ੍ਰੰਥੀ ਬਲਦੇਵ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਨੂੰ ਸਮੇਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਕਾਲ ਤਖਤ ਤੇ ਤਲਬ ਕਰ ਲਿਆ।ਜਵਾਬ ਵਿੱਚ ਪਟਨਾ ਸਾਹਿਬ ਦੇ ਪੰਜ ਪਿਆਰਿਆ ਨੇ ਵੀ ਢਿੱਲ ਨਹੀ ਕੀਤੀ ਤੇ ਭਾਈ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਧਨੋਲ਼ਾ ਨੂੰ ਤਨਖਾਹੀਆ ਕਰਾਰ ਦੇ ਕੇ ਨਵੀਂ ਭਸੂੜੀ ਪਾ ਦਿੱਤੀ।ਇਥੇ ਹੀ ਬਸ ਨਹੀਂ ਸੁਪਰ ਜਥੇਦਾਰ ਤੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ 10 ਦਿਨਾਂ ਦੇ ਅੰਦਰ ਅੰਦਰ ਤਖਤ ਸ੍ਰੀ ਪਟਨਾ ਸਹਿਬ ‘ਤੇ ਜਾਤੀ ਤੌਰ ‘ਤੇ ਪੇਸ਼ ਹੋਣ ਕੇ ਆਪਣਾ ਸਪੱਸ਼ਟੀਕਰਨ ਦੇਵੇ।
ਭਾਂਵੇ ਅਕਾਲ ਤਖਤ ਦੀ ਮਹੱਤਤਾ ਸਭ ਤੋਂ ਵੱਧ ਮੰਨੀ ਜਾਂਦੀ ਹੈ ਪਰ ਤਖਤ ਸ੍ਰੀ ਪਟਨਾ ਸਹਿਬ ਦੀ ਅਹਿਮੀਅਤ ਨੂੰ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ।ਉਹ ਵੀ ਬਾਜ਼ਾਂ ਵਾਲੇ ਦਸਮ ਪਿਤਾ ਗੁਰੂ ਗਬਿੰਦ ਸਿੰਘ ਦਾ ਪ੍ਰਕਾਸ਼ ਅਸਥਾਨ ਹੈ।ਇਸ ਲਈ ਸਿੱਖਾਂ ਲਈ ਮੈਂ ਇਧਰ ਜਾਉ ਜਾ ਉਧਰ ਜਾਉ ਵਾਲੀ ਸਥਿਤੀ ਬਣੀ ਹੋਈ ਹੈ।ਅਸਲ ਵਿੱਚ ਇਹ ਮਾਮਲਾ ਸਿਆਸਤ ਨਾਲ ਹੀ ਜੁੜਿਆ ਹੋਇਆ ਹੈ।ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾ ਕੇ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਬਣਾਉਣਾ ਦਾ ਮਾਮਲਾ ਵੀ ਸਿਆਸਤ ਨਾਲ ਜੁੜਿਆ ਹੋਇਆ ਹੈ।ਜਿਹੜੀਆਂ 21 ਮਈ ਨੂੰ ਦੋ ਵੱਖ ਵੱਖ ਤਖਤਾਂ ‘ਤੇ ਮੀਟਿੰਗਾਂ ਹੋਈਆਂ ਹਨ ਉਹ ਵੀ ਸਿਆਸੀ ਪਰਪੰਚ ਦਾ ਹੀ ਹਿੱਸਾ ਹੈ।ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਤਖਤਾਂ ਦੇ ਇਸ ਟਕਰਾ ਦੇ ਪਿੱਛੇ ਕਿਸ ਦਾ ਦਿਮਾਗ ਕੰਮ ਰਿਹਾ ਹੈ? ਅਸੀ ਇਸ ਸਬੰਧ ਵਿੱਚ ਸਿਰਫ ਏਨਾ ਹੀ ਕਹਿਣਾ ਚਾਹਾਂਗੇ ਕਿ ਸਿੱਖਾਂ ਵਿਚਕਾਰ ਵੰਡੀਆਂ ਪਾਉਣ ਵਾਲੀ ਸੋਚ ਕੋਈ ਹੋਰ ਨਹੀ ਸਗੋਂ ਉਹ ਸ਼ਕਤੀਆਂ ਹੀ ਕੰਮ ਕਰ ਰਹੀਆਂ ਹਨ ਜਿਹਨਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਦੀ ਪਛਾਣ ਬਦਲਣ ਦੀ ਉਸ ਦੀ ਪ੍ਰਬੰਧਕ ਕਮੇਟੀ ਵਿੱਚ ਗੈਰ ਸਿੱਖਾਂ ਨੂੰ ਸ਼ਾਮਲ ਕਰਕੇ ਸਿੱਖ ਆਗੂਆਂ ਨੂੰ ਆਇਨਾ ਵਿਖਾ ਦਿੱਤਾ ਹੈ।ਵਰਨਣਯੋਗ ਹੈ ਮੁਸਲਮਾਨਾਂ ਦੇ ਵਕਫ ਬੋਰਡ ਵਿੱਚ ਇਹਨਾਂ ਸ਼ਕਤੀਆਂ ਦਾ ਟਾਕਰਾ ਕਰਨ ਲਈ ਅੱਜ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਕਿੳੇੁਕਿ ਉਹਨਾਂ ਵੱਲੋਂ ਇਸ ਬੋਰਡ ਵਿੱਚ ਵੀ ਗੈਰ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿੱਖ ਪੰਥ ਦੇ ਨਿਪੁੰਸਕ ਆਗੂ ਜੇਲ਼ਾਂ ਤੋਂ ਡਰਦੇ ਅੱਜ ਘਰਾਂ ਵਿੱਚ ਚੂੜੀਆਂ ਪਾ ਕੇ ਬੈਠ ਗਏ ਹਨ। ਇਹ ਪੰਥ ਵਿਰੋਧੀ ਸ਼ਕਤੀਆ ਸਾਡੇ ਅਸਥਾਨਾਂ ਤੇ ਹਮਲੇ ਕਰ ਰਹੀਆਂ ਹਨ।
ਅਕਾਲੀ ਦਲ ਵਿੱਚ ਟਕਰਾਅ ਦਾ ਹਾਲੇ ਕੋਈ ਅੰਤ ਹੁੰਦਾ ਨਜ਼ਰ ਨਹੀ ਆ ਰਿਹਾ ਕਿਉਕਿ ਸੁਖਬੀਰ ਸਿੰਘ ਬਾਦਲ ਨਾ ਤਾਂ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਤਿਆਰ ਹਨ ਤੇ ਨਾ ਹੀ ਸ੍ਰੀ ਅਕਾਲ ਤਖਤ ਦੇ ਉਹਨਾਂ ਹੁਕਮਾਂ ਦੀ ਤਾਮੀਲ ਕਰਨ ਲਈ ਤਿਆਰ ਜਿਹਨਾਂ ਵਿੱਚ ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ 2025 ਦੇ ਆਦੇਸ਼ਾਂ ਵਿੱਚ ਕਿਹਾ ਸੀ ਕਿ ਇਹ ਬੁੱਢੀ ਲੀਡਰਸ਼ਿਪ ਆਪਣੀਆਂ ਗਲਤੀਆਂ ਕਾਰਨ ਪੰਥ ਦੀ ਅਗਵਾਈ ਕਰਨ ਦਾ ਆਪਣਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ।
ਸ੍ਰੀ ਪਟਨਾ ਸਹਿਬ ਦੇ ਜਥੇਦਾਰ ਵੱਲੋ ਆਪਣੇ ਆਪ ਨੂੰ “ਸੁਪਰੀਮ” ਐਲਾਨ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਦੀਆਂ ਪੁਰਾਣੀ ਸਰਬਉੱਚਤਾ ਲਈ ਇੱਕ ਬਹੁਤ ਵੱਡੀ ਚੁਨੌਤੀ ਹੈ।ਵੈਸੇ ਇਸ ਤੋਂ ਪਹਿਲਾਂ ਵੀ ਤਖਤ ਸ੍ਰੀ ਪਟਨਾ ਸਾਹਿਬ ਦਾ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਆਪ ਨੂੰ ਸਰਵੳੱਚ ਹੀ ਨਹੀ ਗਰਦਾਨਿਆ ਸੀ ਸਗੋਂ ਤੱਤਕਾਲੀ ਸ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸਕੱਤਰ ਰੂਪ ਸਿੰਘ ਤੇ ਜਥੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਤਲਬ ਕਰ ਲਿਆ ਸੀ।ਜਿਸ ਦਾ ਨਿਪਟਾਰਾ ਬਾਅਦ ਅਕਾਲੀ ਦਲ ਦੇ ਵੱਡੇ ਲੀਡਰਾਂ ਕਰਵਾ ਦਿੱਤਾ ਸੀ।
ਗੁਰੂ ਸਾਹਿਬ ਨੇ ਸਿਰਫ ਅਕਾਲ ਤਖਤ ਸਹਿਬ ਦੀ ਹੀ ਉਸਾਰੀ ਕੀਤੀ ਸੀ ਪਰ ਬਾਕੀ ਤਖਤ ਤਾਂ ਬਾਅਦ ਵਿੱਚ ਬਣਾਏ ਗਏ ਤਾਂ ਕਿ ਸਥਾਨਕ ਪੱਧਰ ਦੇ ਮਾਮਲੇ ਉਥੇ ਹੀ ਹੱਲ ਕੀਤੇ ਜਾ ਸਕਣ।ਅੱਜ ਅਕਾਲ ਤਖਤ ਦੀ ਸਰਵਉੱਚਤਾ ਨੂੰ ਚੁਨੌਤੀ ਦੇਣੀ ਕਿਸ ਹੱਦ ਤੱਕ ਇਤਫਾਕ ਰੱਖਦੀ ਹੈ ਇਹ ਤਾਂ ਸਮਾਂ ਤੇ ਸਿੱਖ ਪੰਥ ਹੀ ਦੱਸੇਗਾ ਪਰ ਇੱਕ ਗੱਲ ਕੰਧ ਤੇ ਲਿਿਖਆ ਸੱਚ ਹੈ ਕਿ ਜੇਕਰ ਇਸ ਮੁਕੱਦਸ ਅਸਥਾਨ ਦਾ ਦਰਜਾ ਪਹਿਲਾਂ ਵਾਂਗ ਬਹਾਲ ਨਾ ਹੋਇਆ ਤੇ ਇਸ ਚੁਨੌਤੀ ਨੂੰ ਠੱਲ ਨਾ ਪਾਈ ਗਈ ਤਾਂ ਸਿੱਖ ਪੰਥ ਲਈ ੋਿੲਸ ਤੋਂ ਵੱਡਾ ਕੋਈ ਹੋਰ “ਪਤਨ” ਨਹੀ ਹੋਵੇਗਾ।ਚਾਹੀਦਾ ਤਾਂ ਇਹ ਸੀ ਕਿ ਅਜਿਹੀ ਸਥਿਤੀ ਹੀ ਨਾ ਪੈਦਾ ਹੋਣ ਦਿੱਤੀ ਜਾਂਦੀ ਪਰ ਇੱਕ ਵਿਅਕਤੀ ਨੂੰ ਫਾਇਦਾ ਪਹੁੰਚਾਉਣ ਲਈ ਤਖਤ ਸਾਹਿਬ ਦੀ ਦੁਰਵਰਤੋਂ ਕਰਨੀ ਕੋਈ ਸਿਆਣਪ ਵਾਲੀ ਗੱਲ ਨਹੀ ਫਿਰ ਉਹ ਵਿਅਕਤੀ ਕੋਈ ਭਲਾ ਪੁਰਸ਼ ਨਹੀ ਸਗੋਂ ਦਬੰਗ ਕਿਸਮ ਦਾ ਵਿਅਕਤੀ ਹੈ।ਸ਼੍ਰੀ ਅਕਾਲ ਤਖਤ ਦੀ ਮਾਣ ਮਰਿਆਦਾ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦਾ ਅਧਿਕਾਰ ਨਹੀ ਹੈ। ਇਸ ਲਈ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨੂੰ ਮਿਲ ਕੇ ਇਸ ਮਾਮਲੇ ਨੂੰ ਅੱਗੇ ਵੱਧਣ ਤੋਂ ਪਹਿਲਾਂ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ।ਇਸ ਵਿੱਚ ਹੀ ਦੋਵਾਂ ਤਖਤਾਂ ਤੇ ਪੰਥ ਦੀ ਭਲਾਈ ਹੈ।
                          !!     ਰੱਬ ਖੈਰ ਕਰੇ!   !!!

Press Correspondent
Jasbir Singh Patti
Contact 09356024684

Back to top button