ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਮਹਿਲਾ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।ਫੜਿਆ ਗਿਆ ਤਸਕਰ ਯੂਪੀ ਤੋਂ ਅਫੀਮ ਦੀ ਸਪਲਾਈ ਦੇਣ ਲਈ ਮਹਿਲਾ ਕੋਲ ਆਇਆ ਸੀ।
ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਏਸੀਪੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਲਾਡੋ ਵਾਲੀ ਰੋਡ ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਫਾਟਕ ਸਾਈਡ ਤਰਫੋਂ ਇੱਕ ਮਹਿਲਾ ਅਤੇ ਇੱਕ ਵਿਅਕਤੀ ਪੈਦਲ ਆਉਂਦੇ ਹੋਏ ਦਿਖਾਈ ਦਿੱਤੇ ਜਿਨਾਂ ਦੇ ਹੱਥਾਂ ਵਿੱਚ ਵਜਨੀ ਲਿਫਾਫੇ ਸਨ। ਜਦ ਦੋਵਾਂ ਨੇ ਪੁਲਿਸ ਪਾਰਟੀ ਦੇਖੀ ਤਾਂ ਯਕਦਮ ਘਬਰਾ ਗਏ ਅਤੇ ਪਿੱਛੇ ਦੀ ਮੁੜਨ ਲੱਗੇ।
ਸ਼ੱਕ ਪੈਣ ਤੇ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੋਵਾਂ ਨੂੰ ਰੋਕ ਕੇ ਜਦ ਉਹਨਾਂ ਦਾ ਨਾਂ ਪੁੱਛਿਆ ਤਾਂ ਉਹਨਾਂ ਆਪਣਾ ਨਾਮ ਰਾਜਕੁਮਾਰ ਵਾਸੀ ਅਲੀਗੰਜ ਬਰੇਲੀ ਯੂਪੀ ਅਤੇ ਮਹਿਲਾਂ ਨੇ ਆਪਣਾ ਨਾਮ ਜੁਬੇਦਾ ਵਾਸੀ ਪਿੰਡ ਕੋਟਲਾ ਲੰਮਾ ਪਿੰਡ ਜਲੰਧਰ ਦੱਸਿਆ। ਜਦ ਰਾਜਕੁਮਾਰ ਕੋਲੋਂ ਜਲੰਧਰ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕਿਆ। ਜਦ ਪੁਲਿਸ ਪਾਰਟੀ ਨੇ ਰਾਜਕੁਮਾਰ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਡੇਢ ਕਿਲੋ ਅਫੀਮ ਬਰਾਮਦ ਹੋਈ, ਜਦ ਪੁਲਿਸ ਪਾਰਟੀ ਨੇ ਜੁਬੇਦਾ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੀ ਅੱਧਾ ਕਿਲੋ ਅਫੀਮ ਮਿਲੀ।