
ਪਿੰਡ ਸਹਿਮ ਤੋਂ ਚਿੱਟੀ ਿਲੰਕ ਸੜਕ ਉੱਪਰ ਦੋ ਧਿਰਾਂ ਵਿਚਾਲੇ ਹੋਈ ਤਾਬੜ-ਤੋੜ ਗੋਲੀਬਾਰੀ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲ਼ੀਬਾਰੀ ਦੌਰਾਨ ਦੋਵਾਂ ਧਿਰਾਂ ਦੇ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ‘ਚੋਂ ਇਕ ਦੀ ਮੌਤ ਵੀ ਹੋਈ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਕ ਧਿਰ ਦੇ ਦੋ ਜ਼ਖ਼ਮੀਆ ‘ਚ ਸ਼ਰਨਦੀਪ ਪੁੱਤਰ ਅਵਤਾਰ ਚੰਦ ਵਾਸੀ ਨਵਾਂ ਪਿੰਡ ਥਾਣਾ ਸਦਰ ਕਪੂਰਥਲਾ, ਹਰਮਨਪ੍ਰਰੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਉੱਘੀ ਵਜੋਂ ਹੋਈ ਹੈ, ਜਦਕਿ ਦੂਜੀ ਧਿਰ ਦੇ ਜ਼ਖ਼ਮੀਆਂ ਦੀ ਹਾਲੇ ਪਛਾਣ ਨਹੀਂ ਹੋਈ ਸੀ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।
ਮੌਕੇ ‘ਤੇ ਪੁੱਜਾ ਥਾਣਾ ਸਦਰ ਨਕੋਦਰ ਦੇ ਐਡੀਸ਼ਨਲ ਐੱਸਐੱਚਓ ਸੋਮਨਾਥ ਤੇ ਏਐੱਸਆਈ ਜਨਕ ਰਾਜ ਨੇ ਦੱਸਿਆ ਕਿ ਇਹ ਲੜਾਈ ਦੋ ਧਿਰਾਂ ਦੀ ਆਪਸੀ ਲੜਾਈ ਹੈ, ਜੋ ਕਿ ਸਮਾਂ ਨਿਰਧਾਰਤ ਕਰਕੇ ਕੇ ਲੜਨ ਲਈ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਸ਼ਰਨਦੀਪ ਸਿੰਘ ਦੇ ਪੱਟ ‘ਚ ਗੋਲ਼ੀ ਲੱਗੀ ਹੈ, ਜਿਸ ਦੀ ਹਾਲਤ ਗੰਭੀਰ ਹੈ। ਦੂਸਰੇ ਜ਼ਖਮੀ ਹਰਮਨਪ੍ਰਰੀਤ ਸਿੰਘ ਦੇ ਬਾਂਹ ਵਿਚ ਗੋਲੀ ਲੱਗੀ ਹੈ। ਇਕ ਧਿਰ ਹਰਜਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚਿੱਟੀ ਨੇ ਦੱਸਿਆ ਕਿ ਇਹ ਖੂਨੀ ਝੜਪ ਪੁਰਾਣੀ ਰੰਜਿਸ਼ ਕਾਰਨ ਹੋਈ ਹੈ।