ਜਲੰਧਰ, ਏਜੰਟ ਵੱਲੋਂ ਕੀਤੀ ਗਈ ਧੋਖਾਧੜੀ ਦੇ ਚਲਦਿਆਂ ਇਕ ਨੌਜਵਾਨ ਨੇ ਆਤਮਹੱਤਿਆ ਕਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਸਾਗਰ ਥਾਪਰ ਵਾਸੀ ਪ੍ਰਤਾਪਪੁਰਾ ਵਜੋਂ ਹੋਈ ਹੈ। ਆਤਮਹੱਤਿਆ ਕਰਨ ਤੋਂ ਪਹਿਲਾਂ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਲਾਈਵ ਹੋਇਆ ਤੇ ਮੌਤ ਨੂੰ ਗਲੇ ਲਗਾਉਣ ਦਾ ਕਾਰਨ ਦੱਸਿਆ ਤੇ ਕੋਈ ਜ਼ਹਿਰੀਲੀ ਚੀਜ ਨਿਗਲ ਲਈ। ਮਰਨ ਤੋਂ ਪਹਿਲਾਂ ਲਾਈਵ ਹੋ ਕੇ ਨੌਜਵਾਨ ਨੇ ਉਸ ਨੂੰ ਤੰਗ ਪੇ੍ਰਸ਼ਾਨ ਕਰਨ ਵਾਲੇ ਸਤਨਾਮ ਕੁਮਾਰ ਬੱਗਾ ਨਾਮਕ ਏਜੰਟ ਦਾ ਨਾਮ ਲੈ ਕੇ ਖੁਦਕਸ਼ੀ ਕਰ ਲਈ।
ਵੀਡੀਓ ਦੌਰਾਨ ਸਾਗਰ ਨੇ ਦੱਸਿਆ ਕਿ ਸਤਨਾਮ ਕੁਮਾਰ ਬੱਗਾ ਨਾਂ ਦੇ ਵਿਅਕਤੀ ਨੇ ਅਮਰੀਕਾ ਭੇਜਣ ਦੇ ਨਾਂ ’ਤੇ ਉਸ ਤੋਂ ਕਰੀਬ 35 ਲੱਖ ਰੁਪਏ ਤੇ ਪਾਸਪੋਰਟ ਲੈ ਲਏ ਤੇ 5 ਲੱਖ ਰੁਪਏ ਅਮਰੀਕਾ ਪਹੁੰਚ ਕੇ ਦੇਣੇ ਸਨ ਤੇ ਪੈਸੇ ਲੈਣ ਤੋਂ ਬਾਅਦ ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਸਾਗਰ ਨੇ ਕਿਹਾ ਕਿ ਜਿਨਾਂ ਲੋਕਾਂ ਤੋਂ ਪੈਸੇ ਉਧਾਰ ਲਏ ਸਨ ਉਹ ਬਾਰ-ਬਾਰ ਫੋਨ ਕਰਕੇ ਪੈਸੇ ਵਾਪਸ ਮੰਗ ਰਹੇ ਸਨ ਤੇ ਸਤਨਾਮ ਉਸ ਨੂੰ ਰੋਜ਼ਾਨਾ ਤੰਗ ਪੇ੍ਰਸ਼ਾਨ ਕਰਦਾ ਸੀ, ਜਿਸ ਕਾਰਨ ਉਹ ਅੱਜ ਮਰਨ ਲਈ ਮਜਬੂਰ ਹੋਗਿਆ। ਸਾਗਰ ਨੇ ਕਿਹਾ ਕਿ ਜ਼ਿੰਦਗੀ ਜਿਊਣ ਦਾ ਕੋਈ ਟੀਚਾ ਨਹੀਂ ਹੈ, ਇਸ ਲਈ ਮੈਂ ਦੁਖੀ ਹੋ ਕੇ ਇਹ ਕਦਮ ਚੁੱਕ ਰਿਹਾ ਹਾਂ। ਵੀਡੀਓ ਦੇ ਅੰਤ ’ਚ ਸਾਗਰ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਹੈ ਤੇ ਪਤਨੀ ਮਿਨਾਕਸ਼ੀ ਨੂੰ ਬੱਚਿਆਂ ਦਾ ਖਿਆਲ ਰੱਖਣ ਦਾ ਕਿਹਾ ਤੇ ਕੋਈ ਜਹਿਰੀਲੀ ਚੀਜ ਨਿਗਲ ਲਈ। ਸਾਗਰ ਵੱਲੋਂ ਜ਼ਹਿਰ ਖਾਣ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ