JalandharPunjab

ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਤਿੰਨ ਹੋਰ ਮੈਂਬਰ ਗ੍ਰਿਫਤਾਰ, 1 ਕਰੋੜ ਰੁਪਏ ਦੀ ਨਕਦ ਰਾਸ਼ੀ, 18 ਹਥਿਆਰ ਅਤੇ 500 ਗ੍ਰਾਮ ਹੈਰੋਇਨ ਬਰਾਮਦ

ਚੰਡੀਗੜ੍ਹ/ਜਲੰਧਰ, ਐਸ ਐਸ ਚਾਹਲ/ਐਚ ਐਸ ਚਾਵਲਾ।

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਛੇੜੀ ਗਈ ਜੰਗ ਦੇ ਦੌਰਾਨ ਪੰਜਾਬ ਪੁਲਿਸ ਨੇ ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨਾਂ ਕੋਲੋਂ ਅਤਿ ਆਧੁਨਿਕ ਹਥਿਆਰਾਂ ਅਤੇ ਗੋਲੀ ਸਿੱਕੇ ਦਾ ਨਵਾਂ ਜ਼ਖ਼ੀਰਾ ਵੀ ਬਰਾਮਦ ਕੀਤਾ ਹੈ। 

ਇਸ ਬਾਰੇ ਜਾਣਕਾਰੀ ਦਿੰਦਿਆਂ DGP ਗੌਰਵ ਯਾਦਵ ਨੇ ਦੱਸਿਆ ਕਿ ਹੁਣ ਤੱਕ ਇਸ ਮਾਡਿਊਲ ਦੇ ਕੁੱਲ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਪਿੰਡ ਬਰਵਾਲਾ ਜਿਲਾ ਤਰਨਤਾਰਨ, ਹਰਚੰਦ ਸਿੰਘ ਅਤੇ ਗੁਰਸਾਹਿਬ ਸਿੰਘ ਦੋਵੇਂ ਵਾਸੀ ਵਲਟੋਹਾ ਜਿਲਾ ਅੰਮ੍ਰਿਤਸਰ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਇਨਾਂ ਦੇ ਕਬਜੇ ‘ਚੋਂ 1.01 ਕਰੋੜ ਰੁਪਏ ਦੀ ਨਕਦ ਰਾਸ਼ੀ, 500 ਗ੍ਰਾਮ ਹੈਰੋਇਨ, 17 ਪਿਸਤੌਲ ਸਮੇਤ 400 ਜਿੰਦਾ ਕਾਰਤੂਸ, ਇਕ ਐਮਪੀ-4 ਰਾਈਫਲ ਸਮੇਤ 300 ਜਿੰਦਾ ਕਾਰਤੂਸ, ਦੋ ਭਾਰ ਤੋਲਣ ਵਾਲੀਆਂ ਮਸ਼ੀਨਾਂ ਅਤੇ ਦੋ ਨੋਟ ਗਿਣਨ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ ਹਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਇਸ ਮਾਡਿਊਲ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਵਿਚ ਇਕ ਕੈਦੀ ਜਸਕਰਨ ਸਿੰਘ ਅਤੇ ਉਸ ਦੇ ਸਾਥੀ ਰਤਨਬੀਰ ਸਿੰਘ ਵਜੋਂ ਪਛਾਣ ਕੀਤੀ ਗਈ ਸੀ, ਪੁਲਿਸ ਨੇ ਉਨਾਂ ਵਲੋਂ ਦੱਸੇ ਟਿਕਾਣਿਆਂ ਤੋਂ ਕੁੱਲ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਸਨ ਅਤੇ ਹੁਣ ਪਿਸਤੌਲਾਂ ਦੀ ਬਰਾਮਦਗੀ ਦੀ ਕੁੱਲ ਗਿਣਤੀ 27 ਤੱਕ ਪਹੁੰਚ ਗਈ ਹੈ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ DGP ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਜਸਕਰਨ ਸਿੰਘ ਅਤੇ ਰਤਨਬੀਰ ਸਿੰਘ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਨਾਂ ਦੇ ਸਾਥੀ ਸੁਰਿੰਦਰ ਨੇ ਪਾਕਿਸਤਾਨ ਤੋਂ ਡਰੋਨਾਂ ਦੀ ਮਦਦ ਨਾਲ ਆਏ ਹਥਿਆਰਾਂ/ਗੋਲੀ ਸਿੱਕੇ ਦੀ ਖੇਪ ਫੜੀ ਸੀ। ਇਸ ਜਾਣਕਾਰੀ ’ਤੇ ਅਧਾਰਤ ਕਾਰਵਾਈ ਕਰਦਿਆਂ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਰਿੰਦਰ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸਦੇ ਕਬਜ਼ੇ ਵਿੱਚੋਂ 10 ਪਿਸਤੌਲਾਂ ਦੇ ਨਾਲ 6 ਮੈਗਜੀਨਾਂ ਅਤੇ 100 ਜਿੰਦਾ ਕਾਰਤੂਸ ਬਰਾਮਦ ਕੀਤੇ ਸਨ।

DGP ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਸੁਰਿੰਦਰ ਜਸਕਰਨ ਸਿੰਘ ਦੇ ਨਿਰਦੇਸ਼ਾਂ ‘ਤੇ ਰਤਨਬੀਰ ਤੋਂ ਖੇਪ ਚੁੱਕ ਕੇ ਦੋ ਭਰਾਵਾਂ ਹਰਚੰਦ ਅਤੇ ਗੁਰਸਾਹਿਬ ਤੱਕ ਪਹੁੰਚਾਉਂਦਾ ਸੀ, ਜਿਸਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਉਨਾਂ ਦੋਵਾਂ ਨੂੰ ਵੀ ਕਾਬੂ ਕਰਕੇ ਉਨਾਂ ਦੋਵਾਂ ਦੇ ਕਬਜ਼ੇ ‘ਚੋਂ 7 ਪਿਸਤੌਲ, ਇਕ ਐੱਮ.ਪੀ.-4 ਰਾਈਫਲ ਅਤੇ 500 ਗ੍ਰਾਮ ਹੈਰੋਇਨ ਤੋਂ ਇਲਾਵਾ 1.01 ਕਰੋੜ ਰੁਪਏ ਦੀ ਨਕਦੀ, ਭਾਰ ਤੋਲਣ ਵਾਲੀ ਮਸ਼ੀਨ ਅਤੇ ਕਰੰਸੀ ਗਿਣਨ ਦੀਆਂ ਮਸ਼ੀਨਾਂ ਸਮੇਤ ਬਕਾਇਆ ਖੇਪ ਬਰਾਮਦ ਕੀਤੀ ਹੈ।

DGP ਗੌਰਵ ਯਾਦਵ ਨੇ ਕਿਹਾ ਕਿ ਪਾਕਿਸਤਾਨ ਤੋਂ ਆਈਆਂ ਹੋਰ ਖੇਪਾਂ ਦਾ ਪਤਾ ਲਗਾਉਣ ਲਈ ਅੱਗੇ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਿਸੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਖੇਪ ਤਾਂ ਨਹੀਂ ਦਿੱਤੀ ਗਈ। 

AIG ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜਮ ਜਸਕਰਨ ਨੇ ਕਬੂਲਿਆ ਕਿ ਉਹ ਆਸਿਫ ਨਾਂ ਦੇ ਪਾਕਿਸਤਾਨੀ ਤਸਕਰ ਦੇ ਸੰਪਰਕ ਵਿੱਚ ਸੀ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪਹੁੰਚਾਉਂਦਾ ਸੀ ਅਤੇ ਰਤਨਬੀਰ ਉਸਦੇ ਨਿਰਦੇਸ਼ਾਂ ’ਤੇ ਉਕਤ ਖੇਪ ਨੂੰ ਪ੍ਰਾਪਤ ਕਰਦਾ ਸੀ। 

ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ FIR ਨੰਬਰ 30 ਮਿਤੀ 04.10.2022 ਨੂੰ ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।

 

Related Articles

Leave a Reply

Your email address will not be published.

Back to top button