Jalandhar

ਜਲੰਧਰ ‘ਚ ਨਸ਼ਾ ਤਸਕਰਾਂ ਤੇ ਰੇਡ ਕਰਨ ਗਈ ਪੁਲਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ

A deadly attack with sharp weapons on the police who went to raid drug traffickers in Jalandhar

ਪਿੰਡ ਪਤਾਰਾ ਵਿਚ ਨਸ਼ਾ ਕਰ ਰਹੇ ਨੌਜਵਾਨਾਂ ਨੇ ਰੇਡ ਕਰਨ ਆਈ ਥਾਣਾ ਪਤਾਰਾ ਦੀ ਪੁਲਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ 2 ਪੁਲਸ ਮੁਲਾਜ਼ਮ ਜ਼ਖ਼ਮੀ ਵੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਪਤਾਰਾ ਦੇ ਮੁਖੀ ਇੰਸ. ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਪਤਾਰਾ ਨਿਵਾਸੀ ਤਿਰਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਦੇ ਘਰ ਵਿਚ ਬੈਠ ਕੇ ਕੁਝ ਨੌਜਵਾਨ ਨਸ਼ਾ ਕਰ ਰਹੇ ਹਨ ਅਤੇ ਉਹ ਭੋਲੇ-ਭਾਲੇ ਹੋਰ ਲੜਕੇ-ਲੜਕੀਆਂ ਨੂੰ ਵੀ ਨਸ਼ਾ ਕਰਨ ਲਈ ਉਕਸਾ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਸੂਚਨਾ ਦੇ ਆਧਾਰ ’ਤੇ ਰੇਡ ਕਰਨ ਆਈ ਪੁਲਸ ਪਾਰਟੀ ਨੇ ਉਕਤ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ੇ ’ਤੇ ਆਏ ਹਰਮਨ ਸੰਧੂ ਨੇ ਪੁਲਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਰਮਨ ਨੇ ਪੁਲਸ ਮੁਲਾਜ਼ਮ ਜਸਵੀਰ ਸਿੰਘ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਤੋਂ ਇਲਾਵਾ ਹੈੱਡ ਕਾਂਸਟੇਬਲ ਬਰਜਿੰਦਰ ਪਾਲ ਵੀ ਜ਼ਖ਼ਮੀ ਹੋ ਗਿਆ। ਉਸਦੀ ਵਰਦੀ ਵੀ ਖੂਨ ਵਿਚ ਲਥਪਥ ਹੋ ਗਈ। ਇੰਨਾ ਹੀ ਨਹੀਂ, ਇਸ ਦੇ ਬਾਅਦ ਹਰਮਨ ਨੇ ਆਪਣੇ ਸਾਥੀਆਂ ਸਮੇਤ ਘਰ ਦੀ ਛੱਤ ’ਤੇ ਚੜ੍ਹ ਕੇ ਵੀ ਹੇਠਾਂ ਖੜ੍ਹੇ ਪੁਲਸ ਮੁਲਾਜ਼ਮਾਂ ’ਤੇ ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਨਸ਼ੇ ਦੀ ਹਾਲਤ ਵਿਚ ਹਰਮਨ ਅਤੇ ਹੋਰ ਮੁਲਜ਼ਮ ਪੁਲਸ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਦੇ ਹੋਏ ਨਾਲ ਲੱਗਦੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ।

ਐੱਸ. ਐੱਚ. ਓ. ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਤਿਰਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਪੁੱਤਰ ਤਰਸੇਮ ਲਾਲ, ਗਗਨਦੀਪ ਸਿੰਘ ਪੁੱਤਰ ਸਵ. ਕੁਲਵੰਤ ਸਿੰਘ, ਹਰਮਨਜੋਤ ਸਿੰਘ ਪੁੱਤਰ ਕੁਲਵੰਤ ਸਿੰਘ, ਗੁਰਜੀਤ ਸਿੰਘ ਜੀਤਾ ਪੁੱਤਰ ਜੀਵਨ ਲਾਲ, ਸੰਦੀਪ ਕੁਮਾਰ ਸ਼ੀਪਾ ਪੁੱਤਰ ਮਹਿੰਦਰ ਪਾਲ (ਸਾਰੇ ਨਿਵਾਸੀ ਪਿੰਡ ਪਤਾਰਾ, ਥਾਣਾ ਪਤਾਰਾ ਜ਼ਿਲਾ ਜਲੰਧਰ) ਅਤੇ ਪਰਗਟ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ 309 ਨਿਊ ਜੋਗਿੰਦਰ ਨਗਰ, ਥਾਣਾ ਰਾਮਾ ਮੰਡੀ ਜਲੰਧਰ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 307, 353, 186, 332, 148 ਅਤੇ 149 ਤਹਿਤ ਐੱਫ. ਆਈ. ਆਰ. ਨੰਬਰ 22, ਥਾਣਾ ਪਤਾਰਾ ਵਿਚ ਦਰਜ ਕੀਤੀ ਗਈ ਹੈ।

Back to top button