ਜਲੰਧਰ ‘ਚ ਪੰਜਾਬ ਦਾ ਪਹਿਲਾ Women Friendly ਸ਼ਰਾਬ ਦਾ ਠੇਕਾ ਖੁੱਲ੍ਹਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੈ। ‘ਲਿਕਰ ਸਟੂਡੀਓ’ ਨਾਮ ਦਾ ਇਹ ਸ਼ਰਾਬ ਦਾ ਠੇਕਾ ਔਰਤਾਂ ਨੂੰ ਧਿਆਨ ‘ਚ ਰੱਖਕੇ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਨੂੰ ਲੈਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਿੰਨ ਮਹੀਨਿਆਂ ਵਿੱਚ ਨਸ਼ਾ ਮੁਕਤ ਕਰਨ ਵਾਲਿਆਂ ਨੇ ਹੁਣ ਔਰਤਾਂ ਨੂੰ ਵੀ ਸ਼ਰਾਬ ਦਾ ਆਦੀ ਬਣਾਉਣ ਦੀ ਤਿਆਰੀ ਕਰ ਲਈ ਹੈ। ਨਸ਼ਾ ਪੰਜਾਬ ਦੀਆਂ ਕਈ ਪੀੜ੍ਹੀਆਂ ਨੂੰ ਨਿਗਲ ਚੁੱਕਾ ਹੈ। ਰਾਜਾ ਵੈਡਿੰਗ ਨੇ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਕੀ ਕਰਨਾ ਚਾਹੁੰਦੇ ਹਨ।
ਮਹਿਲਾ ਸ਼ਰਾਬ ਦੇ ਠੇਕੇ ਦਾ ਜਥੇਬੰਦੀਆਂ ਵੱਲੋਂ ਵਿਰੋਧ
ਜਲੰਧਰ ਲੰਮਾ ਚੌਕ ਵਿਖੇ ਖੁੱਲ੍ਹੇ ਪਹਿਲੇ ਮਹਿਲਾ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਦੇਰ ਰਾਤ ਆਵਾਜ਼-ਏ-ਕੌਮ, ਬਾਬਾ ਦੀਪ ਸਿੰਘ ਸੇਵਾ ਮਿਸ਼ਨ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਤਰ ਹੋ ਕੇ ਜ਼ੋਰਦਾਰ ਵਿਰੋਧ ਕੀਤਾ। ਮੌਕੇ ‘ਤੇ ਪੁੱਜੇ ਬਲਜੀਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਬਲਦੇਵ ਸਿੰਘ ਜਤਿੰਦਰ ਪਾਲ ਸਿੰਘ ਮਝੈਲ, ਅਵਤਾਰ ਸਿੰਘ ਰੇਰੂ, ਅਮਰਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਦੇਰ ਰਾਤ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਕਿ ਜਲੰਧਰ ਦੇ ਲੰਮਾ ਪਿੰਡ ਚੌਕ ਵਿਖੇ ਵੋਮੈਨ ਫਰੈਂਡਲੀ ਵਾਈਨ ਸ਼ਾਪ ਦੇ ਨਾਂ ‘ਤੇ ਸ਼ਰਾਬ ਦਾ ਠੇਕਾ ਖੋਲਿ੍ਹਆ ਗਿਆ ਹੈ, ਜਿਸ ਨੂੰ ਬੰਦ ਕਰਵਾਉਣ ਲਈ ਉਹ ਲੱਭਦੇ ਹੋਏ ਮੌਕੇ ‘ਤੇ ਪੁੱਜ ਰਹੇ ਸੀ ਤਾਂ ਇਸ ਦੀ ਸ਼ਰਾਬ ਦੇ ਠੇਕੇ ਵਾਲਿਆਂ ਨੂੰ ਪਹਿਲਾਂ ਹੀ ਭਿਣਕ ਪੈਣ ‘ਤੇ ਠੇਕੇ ਵਾਲਿਆਂ ਵੱਲੋਂ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਉਸ ਦਾ ਬੋਰਡ ਬਦਲ ਕੇ ਠੇਕਾ ਬੰਦ ਕਰ ਕੇ ਚਲੇ ਗਏ। ਪੰਜਾਬ ਸਰਕਾਰ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਦੀ ਸਿਰਫ ਲੋਕ ਵਿਖਾਵੇ ਹੀ ਕਰ ਰਹੀ ਹੈ। ਜਦਕਿ ਸਰਕਾਰ ਨਸ਼ੇ ਨੂੰ ਰੋਕਣ ਦੀ ਬਜਾਏ ਪੰਜਾਬ ਵਿਚ ਬੜਾਵਾ ਦੇ ਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਅਤੇ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਨੌਜਵਾਨਾਂ ਸਮੇਤ ਹੁਣ ਅੌਰਤਾਂ ਨੂੰ ਵੀ ਨਸ਼ਿਆਂ ਦੀ ਦਲਦਲ ਵਿਚ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ।