ਜਲੰਧਰ ਦੇ ਅਬਾਦਪੁਰਾ ਇਲਾਕੇ ‘ਚ ਸੀਆਈਏ ਸਟਾਫ਼, ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕਰਾਸ ਫਾਇਰਿੰਗ ਹੋਈ। ਇਸ ਐਨਕਾਊਂਟਰ ਆਪ੍ਰੇਸ਼ਨ ਦੌਰਾਨ ਪੁਲਿਸ ਨੇ 4 ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗੈਂਗਸਟਰ ਨੂੰ ਗ੍ਰਿਫਤਾਰ ਕਰਨ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ।
ਪੰਜਾਬ ਪੁਲਿਸ ਅਤੇ ਗੈਂਗਸਟਰ ਵਿਚਾਲੇ ਗੋਲੀਬਾਰੀ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਜਲੰਧਰ ਦੇ ਅਬਾਦਪੁਰਾ ਇਲਾਕੇ ‘ਚ ਸੀਆਈਏ ਸਟਾਫ਼ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਕਰਾਸ ਫਾਇਰਿੰਗ ਦੌਰਾਨ ਸੀਆਈਏ ਸਟਾਫ਼ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਦੋ ਗੈਂਗਸਟਰ ਲੁਕਣ ਵਿੱਚ ਕਾਮਯਾਬ ਹੋ ਗਏ ਸਨ। ਪੁਲਿਸ ਬਾਅਦ ਚ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬ ਹੋ ਸਕੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਖਿਲਾਫ਼ ਕਾਰਵਾਈ ਕਰ ਰਹੀ ਹੈ ਅਤੇ ਐਨਕਾਊਂਟਰ ਵੀ ਲਗਾਤਾਰ ਹੋ ਰਹੇ ਹਨ।
ਜਲੰਧਰ ਦੇ ਸੀਆਈਏ ਸਟਾਫ਼ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਿੰਟੂ ਨਮਕ ਗੈਂਗਸਟਰ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਜਲੰਧਰ ਸ਼ਹਿਰ ‘ਚ ਉਹ ਕਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਾਜਨ ਨਾਂ ਦੇ ਨੌਜਵਾਨ ਦੇ ਘਰ ਗੈਂਗਸਟਰ ਠਹਿਰੇ ਹੋਏ ਹਨ। ਇਸ ਦੌਰਾਨ ਜਦੋਂ ਸਟਾਫ਼ ਪੁਲਿਸ ਨੇ ਉਨ੍ਹਾਂ ‘ਤੇ ਛਾਪਾ ਮਾਰਿਆ ਤਾਂ ਚਿੰਟੂ ਦੇ ਸਾਥੀ ਗੈਂਗਸਟਰ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੈਂਗਸਟਰ ‘ਤੇ ਫਾਇਰਿੰਗ ਕੀਤੀ ਪਰ ਗੋਲੀ ਕਿਸੇ ਨੂੰ ਨਹੀਂ ਲੱਗੀ। ਇਸ ਦੌਰਾਨ ਪੁਲਿਸ ਵਲੋਂ 5 ਤੋਂ 6 ਰਾਉਂਡ ਅਤੇ ਗੈਂਗਸਟਰਾਂ ਵਲੋਂ ਪੁਲਿਸ ‘ਤੇ 4 ਤੋਂ 5 ਰਾਊਂਡ ਫਾਇਰ ਕੀਤੇ ਗਏ।
ਸੀਆਈਏ ਸਟਾਫ਼ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਗੈਂਗਸਟਰਾਂ ਵਿੱਚੋਂ ਦੋ ਮੌਕੇ ਤੇ ਫੜ੍ਹ ਲਏ ਸਨ ਦੋ ਗੈਂਗਸਟਰ ਲੁਕਣ ਵਿੱਚ ਕਾਮਯਾਬ ਹੋ ਗਏ ਸਨ। ਹਾਲਾਂਕਿ ਉਨ੍ਹਾਂ ਕਿਹਾ ਕਿ ਅਬਾਦਪੁਰਾ ਇਲਾਕੇ ਦੇ ਲੋਕਾਂ ਨੇ ਪੁਲਿਸ ਦਾ ਸਾਥ ਦਿੱਤਾ ਜਿਸ ਕਾਰਨ ਦੋ ਗੈਂਗਸਟਰ ਫੜੇ ਗਏ ਹਨ।