ਜਲੰਧਰ ਦੇ ਸ਼ਹੀਦ ਭਗਤ ਸਿੰਘ ਇੰਟਰ ਸਟੇਟ ਬੱਸ ਟਰਮੀਨਲ ‘ਤੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਕਰ ਗਿਆ ਜਦ ਇਕ ਮਹਿਲਾ ਯਾਤਰੀ ਨੇ ਸਰਕਾਰੀ ਬੱਸ ਦੇ ਡਰਾਈਵਰ ਨਾਲ ਉਲਝਣਾ ਸ਼ੁਰੂ ਕਰ ਦਿੱਤਾ । ਪੰਜਾਬ ਰੋਡਵੇਜ਼ ਜਲੰਧਰ ਡਿਪੂ ਦੀ ਬੱਸ ਬਾਅਦ ਦੁਪਹਿਰ 3.50 ਵਜੇ ਜਲੰਧਰ ਬੱਸ ਸਟੈਂਡ ਦੇ ਕਾਊਂਟਰ ਨੰਬਰ 16 ਤੋਂ ਜੰਮੂ ਲਈ ਰਵਾਨਾ ਹੁੰਦੀ ਹੈ। ਸ਼ੁੱਕਰਵਾਰ ਨੂੰ ਬੱਸ ਕਾਊਂਟਰ ‘ਤੇ ਖੜ੍ਹੀ ਸੀ ਤਾਂ ਬੱਸ ‘ਚ ਯਾਤਰੀਆਂ ਦੀ ਭਾਰੀ ਭੀੜ ਸੀ। ਇਸ ਦੌਰਾਨ ਬੱਸ ਚਾਲਕ ਸਤਵਿੰਦਰ ਕੁਮਾਰ ਨੇ ਆਪਣੀ ਮਾਤਾ ਤੇ ਬੱਚੇ ਨਾਲ ਬੱਸ ‘ਚ ਸਵਾਰ ਹੋਈ ਇਕ ਮਹਿਲਾ ਨੂੰ ਬੱਸ ਦੇ ਦਰਵਾਜ਼ੇ ਤੋਂ ਪਿੱਛੇ ਜਾਣ ਲਈ ਕਿਹਾ ਤਾਂ ਮਹਿਲਾ ਇਸ ਗੱਲ ‘ਤੇ ਭੜਕ ਉਠੀ ਤੇ ਉਸ ਨੇ ਚਾਲਕ ‘ਤੇ ਮਾੜਾ ਵਤੀਰਾ ਕਰਨ ਦਾ ਦੋਸ਼ ਲਾਇਆ, ਹਾਲਾਂਕਿ ਬੱਸ ‘ਚ ਸਵਾਰ ਹੋਰ ਯਾਤਰੀਆਂ ਨੇ ਵਿਚਾਲੇ ਪੈ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਯਾਤਰੀ ਨੇ ਬੱਸ ਚਾਲਕ ਨੂੰ ਜਨਤਕ ਤੌਰ ‘ਤੇ ਇਹ ਧਮਕੀ ਦੇ ਦਿੱਤੀ ਕਿ ਬੱਸ ਨੂੰ ਰਾਮਾ ਮੰਡੀ ਲੰਘਣ ਨਹੀਂ ਦੇਵੇਗੀ। ਜਦੋਂ ਸਮਝਾਉਣ ਦੇ ਬਾਵਜੂਦ ਅੌਰਤ ਨਹੀਂ ਮੰਨੀ ਤਾਂ ਚਾਲਕ ਬੱਸ ਨੂੰ ਲੈ ਕੇ ਬੱਸ ਸਟੈਂਡ ਪੁਲਿਸ ਚੌਕੀ ਪੁੱਜ ਗਿਆ।
ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਵੀ ਪੁੱਜੇ ਤੇ ਉਨ੍ਹਾਂ ਵੀ ਮਹਿਲਾ ਯਾਤਰੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮਹਿਲਾ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਰੋਸ ‘ਚ ਆਏ ਪਨਬਸ ਕਰਮਚਾਰੀਆਂ ਨੇ ਬੱਸ ਸਟੈਂਡ ਦੇ ਗੇਟਾਂ ਅੱਗੇ ਬੱਸਾਂ ਲਗਾ ਕੇ ਬੱਸ ਸਟੈਂਡ ਨੂੰ ਹੀ ਬੰਦ ਕਰ ਦਿੱਤਾ। ਇਸ ਦੌਰਾਨ ਪੁਲਿਸ ਚੌਕੀ ‘ਚ ਸਾਬਕਾ ਕੌਂਸਲਰ ਬਿੱਟੂ ਵੀ ਪੁੱਜੇ। ਬੱਸ ਚਾਲਕ ਵੱਲੋਂ ਲਿਖਤ ‘ਚ ਅੌਰਤ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ, ਜਿਸ ‘ਚ ਚਾਲਕ ਨੇ ਉਕਤ ਅੌਰਤ ‘ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਦੇਣ ਤਕ ਦੇ ਦੋਸ਼ ਲਾਏ। ਇਸ ਮਗਰੋਂ ਪੰਜਾਬ ਰੋਡਵੇਜ਼ ਅਧਿਕਾਰੀਆਂ ਨੇ ਆਪਣਾ ਤਰਕ ਰੱਖਿਆ ਕਿ ਇਸ ਹੰਗਾਮੇ ਕਾਰਨ ਕਈ ਬੱਸਾਂ ਦੇ ਟਾਈਮ ਮਿਸ ਹੋਏ ਹਨ, ਜਿਸ ਕਾਰਨ ਪੰਜਾਬ ਰੋਡਵੇਜ਼ ਨੂੰ ਭਾਰੀ ਵਿੱਤੀ ਨੁਕਸਾਨ ਦੀ ਭਰਪਾਈ ਕਰਨੀ ਹੋਵੇਗੀ। ਮਹਿਲਾ ਯਾਤਰੀ ਨੂੰ ਘੱਟੋਂ-ਘੱਟ ਜੰਮੂ ਜਾ ਰਹੀ ਬੱਸ ਦੇ ਵਿੱਤੀ ਨੁਕਸਾਨ ਦੀ ਭਰਪਾਈ ਕਰਨੀ ਹੋਵੇਗੀ। ਪੁਲਿਸ ਥਾਣੇ ‘ਚ ਫਿਰ ਇਹ ਸਮਝੌਤਾ ਹੋਇਆ ਕਿ ਮਹਿਲਾ ਯਾਤਰੀ ਦਸ ਹਜ਼ਾਰ ਰੁਪਏ ਜੁਰਮਾਨਾ ਅਦਾ ਕਰੇਗੀ ਤੇ ਲਿਖਤੀ ਸਮਝੌਤਾ ਕਰੇਗੀ। ਮਹਿਲਾ ਦੇ ਸਮਰਥਨ ‘ਚ ਆਏ ਲੋਕਾਂ ਵੱਲੋਂ ਮੌਕੇ ‘ਤੇ ਦਸ ਹਜ਼ਾਰ ਰੁਪਏ ਦਿੱਤੇ ਗਏ ਤੇ ਇਸ ਮਗਰੋਂ ਲਿਖਤੀ ਸਮਝੌਤਾ ਹੋਇਆ ਤੇ ਸ਼ਾਮ 6.10 ਵਜੇ ਬੱਸ ਸਟੈਂਡ ਨੂੰ ਮੁੜ ਖੋਲਿ੍ਹਆ ਗਿਆ।