
ਜਲੰਧਰ ਥਾਣਾ ਨੰਬਰ ਦੋ ਦੀ ਹੱਦ ਵਿੱਚ ਪੈਂਦੇ ਹਨੂੰਮਾਨ ਚੌਕ ਵਿੱਚ ਦੋ ਲੁਟੇਰੇ ਸੁਨਿਆਰੇ ਦਾ ਕੰਮ ਕਰਨ ਵਾਲੇ ਇਕ ਬੰਗਾਲੀ ਨੌਜਵਾਨ ਦੀਆਂ ਅੱਖਾਂ ਵਿੱਚ ਸਪਰੇਅ ਪਾ ਕੇ ਉਸ ਕੋਲੋਂ ਲੱਖਾਂ ਦਾ ਸੋਨਾ ਲੈ ਕੇ ਫਰਾਰ ਹੋ ਗਏ। ਉਕਤ ਸਾਰੀ ਘਟਨਾ ਤੋਂ ਬਾਅਦ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਗਰ ਵਾਸੀ ਪਾਪੜੀਆ ਬਾਜ਼ਾਰ ਨੇ ਦੱਸਿਆ ਕਿ ਉਹ ਬਾਜ਼ਾਰ ਵਿਚ ਆਪਣੇ ਮਾਮੇ ਨਾਲ ਸੁਨਿਆਰੇ ਦਾ ਕੰਮ ਕਰਦਾ ਹੈ। ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ 54 ਗਰਾਮ ਸੋਨੇ ਦੇ ਗਹਿਣੇ ਤੇ ਹਾਲਮਾਰਕ ਕਰਵਾਉਣ ਲਈ ਜਾ ਰਿਹਾ ਸੀ। ਜਦ ਉਹ ਹਨੂੰਮਾਨ ਚੌਕ ਲਾਗੇ ਪਹੁੰਚਿਆ ਤਾਂ ਤਿੰਨ ਨੌਜਵਾਨਾਂ ਨੇ ਉਸ ਨੂੰ ਆਵਾਜ਼ ਦੇ ਕੇ ਬੁਲਾਇਆ ਤਾਂ ਉਹ ਉਨ੍ਹਾਂ ਕੋਲ ਚਲਾ ਗਿਆ। ਉਹ ਨੌਜਵਾਨ ਉਸ ਨਾਲ ਗੱਲਾਂ ਕਰਦੇ ਕਰਦੇ ਪੈਦਲ ਹੀ ਕੁਝ ਦੂਰ ਤੱਕ ਗਏ। ਇਸ ਤੋਂ ਬਾਅਦ ਉਨ੍ਹਾਂ ਵਿਚੋਂ ਇੱਕ ਨੇ ਉਸ ਦੀਆਂ ਅੱਖਾਂ ਵਿਚ ਕੋਈ ਸਪਰੇਅ ਪਾ ਦਿੱਤਾ ਅਤੇ ਉਸ ਦੀ ਜੇਬ ਵਿੱਚ ਰਖੇ ਗਹਿਣੇ ਲੁੱਟ ਕੇ ਫਰਾਰ ਹੋ ਗਏ।