ਜਲੰਧਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਾਂ ਦੀ ਦਾੜ੍ਹੀ ਦੀ ਸ਼ਾਨ ਦੇ ਖਿਲਾਫ ਬੋਲੇ ਗਏ ਸ਼ਬਦਾਂ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਖਿਲਾਫ ਮਤਾ ਪਾਸ ਕੀਤਾ ਤੇ ਸਾਰੀਆਂ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਤੇ ਹਰ ਸਿੱਖ ਨੂੰ ਅਪੀਲ ਕੀਤੀ ਕਿ ਜਿੰਨੀ ਦੇਰ ਮੁੱਖ ਮੰਤਰੀ ਮੁਆਫ਼ੀ ਨਹੀਂ ਮੰਗਦੇ, ਕੋਈ ਵੀ ਸਿੱਖ ਇਸ ਸਰਕਾਰ ਨਾਲ ਸਹਿਯੋਗ ਨਾ ਕਰੇ। ਨੁਮਾਇੰਦਿਆਂ ਨੇ ਸਾਝੇ ਬਿਆਨ ‘ਚ ਕਿਹਾ ਕਿ ਮੁੱਖ ਮੰਤਰੀ ਦਾ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪਾਰਟੀ ਨਾਲ ਵਾਦ-ਵਿਵਾਦ ਹੋ ਸਕਦਾ ਹੈ ਪਰ ਸਿੱਖ ਕੌਮ ਆਪਣੀਆ ਮਹਾਨ ਪਰੰਪਰਾਵਾਂ, ਮਹਾਨ ਵਿਰਸੇ ਤੇ ਕੱਕਾਰਾਂ ਬਾਰੇ ਕੋਈ ਵੀ ਇਤਰਾਜ ਯੋਗ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖ ਕੌਮ ਦੇ ਕੱਕਾਰਾਂ ਜਾਂ ਕੱਕਾਰਾਂ ਦਾ ਅੰਗ ਦਾੜ੍ਹੀ ਬਾਰੇ ਬੋਲਣ ਤੋਂ ਪਹਿਲਾਂ ਪਤਿਤਪੁਣਾ ਤਿਆਗਣਾ ਚਾਹੀਦਾ ਹੈ, ਪਹਿਲਾ ਗੁਰੂ ਦੇ ਪੂਰਨ ਸਿੱਖ ਬਣੋ, ਉਸ ਤੋਂ ਬਾਅਦ ਕੋਈ ਵੀ ਟਿੱਪਣੀ ਕਰੋ। ਸਮੂਹ ਸਿੰਘ ਸਭਾਵਾਂ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਬਿਨਾਂ ਦੇਰੀ ਕੀਤਿਆਂ ਸਿੱਖ ਕੌਮ ਤੋਂ ਮਾਫੀ ਮੰਗਣ ਤੇ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਤੇ ਅੱਗੇ ਤੋਂ ਕਿਸੇ ਵੀ ਧਰਮ ਬਾਰੇ ਬੋਲਣ ਤੋ ਪਹਿਲਾਂ ਸੋਚਣ। ਇਸ ਮੌਕੇ ਕੁਲਵੰਤ ਸਿੰਘ ਮੰਨਣ, ਜਥੇਦਾਰ ਜਗਜੀਤ ਸਿੰਘ ਗਾਬਾ, ਗੁਰਮੀਤ ਸਿੰਘ ਬਿੱਟੂ, ਗੁਰਿੰਦਰ ਸਿੰਘ ਮਝੈਲ, ਹਰਪਾਲ ਸਿੰਘ ਚੱਢਾ, ਸਤਪਾਲ ਸਿੰਘ ਸਿਦਕੀ, ਤੇਜਿੰਦਰ ਸਿੰਘ ਪ੍ਰਦੇਸੀ, ਇਕਬਾਲ ਸਿੰਘ ਢੀਂਡਸਾ, ਕੁਲਜੀਤ ਸਿੰਘ ਚਾਵਲਾ, ਕੰਵਲਜੀਤ ਸਿੰਘ ਟੋਨੀ, ਹਰਜੋਤ ਸਿੰਘ ਲੱਕੀ, ਪਰਮਪ੍ਰਰੀਤ ਸਿੰਘ ਵਿੱਟੀ, ਜਤਿੰਦਰਪਾਲ ਸਿੰਘ ਮਝੈਲ, ਮਨਜੀਤ ਸਿੰਘ ਠੁਕਰਾਲ, ਮਨਜੀਤ ਸਿੰਘ ਰੇਰੂ, ਇੰਸਪੈਕਟਰ ਦਰਸ਼ਨ ਸਿੰਘ, ਤੇਜਿੰਦਰ ਸਿੰਘ ਸਿਆਲ ਆਦਿ ਸ਼ਾਮਲ ਸਨ।