
ਸ਼ਾਹਕੋਟ ਦੇ ਆਪ ਆਗੂਆਂ ਨੇ ਐਸ.ਐਚ.ਓ ਲੋਹੀਆਂ ਖਾਸ ਉੱਪਰ ਉਨ੍ਹਾਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਦੇਰ ਰਾਤ ਤਕ ਥਾਣੇ ਅੰਦਰ ਡੱਕੀ ਰੱਖਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਆਪ ਆਗੂ ਗੁਰਮੀਤ ਸਿੰਘ, ਬਲਜੀਤ ਸਿੰਘ, ਰਵੀ ਕੁਮਾਰ ਅਤੇ ਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਕਰਾਂ ਦੀਆਂ ਦੋ ਧਿਰਾਂ ਦੀ ਆਪਸ ਵਿਚ ਹੋਈ ਲੜਾਈ ਸਬੰਧੀ ਉਹ ਥਾਣਾ ਲੋਹੀਆਂ ਖਾਸ ਵਿਚ ਗਏ ਸਨ। ਇਸ ਸਬੰਧੀ ਗੱਲਬਾਤ ਕਰਕੇ ਜਿਉਂ ਹੀ ਉਹ ਥਾਣੇ ਤੋਂ ਬਾਹਰ ਆਏ ਤਾਂ ਐਸ.ਐਚ.ਓ ਲੋਹੀਆਂ ਖਾਸ ਜੈ ਪਾਲ ਆਪਣੇ ਪੁਲੀਸ ਕਰਮੀਆਂ ਨੂੰ ਨਾਲ ਲੈ ਕੇ ਉਨ੍ਹਾਂ ਕੋਲ ਆ ਧਮਕਿਆ। ਐਸ.ਐਚ.ਓ ਨੇ ਉਨ੍ਹਾਂ ਨੂੰ ਦੁਬਾਰਾ ਥਾਣੇ ਅੰਦਰ ਲਿਜਾ ਕੇ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਨੇ ਕਰੀਬ ਰਾਤ 2 ਵਜੇ ਤੱਕ ਉਨ੍ਹਾਂ ਨੂੰ ਥਾਣੇ ਅੰਦਰ ਡੱਕੀ ਰੱਖਿਆ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਜੈ ਪਾਲ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪਿੰਡ ਕਰਾ ਵਿਚ ਹੋਈ ਲੜਾਈ ਨੂੰ ਅੱਗੇ ਵਧਣ ਤੋਂ ਰੋਕਣ ਦੇ ਮੰਤਵ ਨਾਲ ਉਨ੍ਹਾਂ ਨੇ ਉਕਤ ਨੂੰ ਥਾਣੇ ਅੰਦਰ ਰੋਕਿਆ ਸੀ।