
ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ‘ਤੇ ਸਥਿਤ ਅੱਡਾ ਬਿਆਸ ਪਿੰਡ ‘ਚ ਦੋ ਛੋਟਾ ਹਾਥੀ ਗੱਡੀਆਂ ਤੇ ਇਕ ਮੋਟਰ ਸਾਈਕਲ ਦੀ ਭਿਆਨਕ ਟੱਕਰ ‘ਚ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਤੇ ਚਾਰ ਹੋਰ ਵਿਅਕਤੀ ਗੰਭੀਰ ਜਖ਼ਮੀ ਹੋ ਗਏ ਹਨ। ਅਲਾਵਲਪੁਰ ਪੁਲਿਸ ਚੌਕੀ ਤੋਂ ਏਐੱਸਆਈ ਜੰਗ ਬਹਾਦਰ ਨੇ ਦੱਸਿਆ ਕਿ ਲੇਖ ਰਾਜ ਨਿਵਾਸੀ ਕਿੰਗਰਾ ਚੋਂਅ ਵਾਲਾ (ਥਾਣਾ ਭੋਗਪੁਰ) ਆਪਣੀ ਪਤਨੀ ਸੰਤੋਸ਼ ਕੁਮਾਰੀ ਨਾਲ ਮੋਟਰਸਾਈਕਲ ‘ਤੇ ਜਲੰਧਰ ਕਿਸੇ ਹਸਪਤਾਲ ‘ਚ ਆਪਣੀਆਂ ਅੱਖਾਂ ਚੈੱਕ ਕਰਵਾ ਕੇ ਵਾਪਸ ਜਾ ਰਹੇ ਸੀ। ਜਦੋਂ ਉਹ ਅੱਡਾ ਬਿਆਸ ਪਿੰਡ ਨੂੰ ਪਾਰ ਕਰ ਰਹੇ ਸਨ ਤਾਂ ਇਸੇ ਦੌਰਾਨ ਪਿੰਡ ਕਰਾੜੀ ਵੱਲੋਂ ਭੋਗਪੁਰ ਵੱਲ ਨੂੰ ਜਾਣ ਵਾਲੇ ਇਕ ਛੋਟੇ ਹਾਥੀ ਜਿਸ ਨੂੰ ਸਰਬਜੀਤ ਸਿੰਘ ਨਿਵਾਸੀ ਪਿੰਡ ਚੌਲਾਂਗ ਚਲਾ ਰਿਹਾ ਸੀ, ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਸੜਕ ‘ਤੇ ਡਿੱਗ ਕੇ ਬੁਰੀ ਤਰਾਂ੍ਹ ਜਖ਼ਮੀ ਹੋ ਗਏ।
ਛੋਟਾ ਹਾਥੀ ਬੇਕਾਬੂ ਹੋ ਕੇ ਡਿਵਾਇਡਰ ਪਾਰ ਕਰ ਕੇ ਇਕ ਹੋਰ ਛੋਟੇ ਹਾਥੀ ਨਾਲ ਜਾ ਟਕਰਾਇਆ। ਉਕਤ ਦੋਨੇਂ ਛੋਟੇ ਹਾਥੀਆਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਕੈਬਿਨ ਬੁਰੀ ਤਰਾਂ੍ਹ ਨੁਕਸਾਨੇ ਗਏ। ਉਕਤ ਟਕੱਰ ‘ਚ ਦੋਨੋਂ ਛੋਟੇ ਹਾਥੀਆਂ ਦੇ ਚਾਲਕ ਤੇ ਉਨਾਂ੍ਹ ਦਾ ਇਕ ਸਾਥੀ ਛੋਟੇ ਹਾਥੀ ‘ਚ ਬੁਰੀ ਤਰਾਂ੍ਹ ਫਸ ਗਏ ਤੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਿਨਾਂ੍ਹ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ਕਲ ਨਾਲ ਕੈਬਿਨ ਨੂੰ ਸਿੱਧਾ ਕਰ ਕੇ ਬਾਹਰ ਕੱਿਢਆ। ਜ਼ਖ਼ਮੀਆ ਨੂੰ ਇਲਾਜ ਲਈ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਲੇਖ ਰਾਜ ਤੇ ਉਸ ਦੀ ਪਤਨੀ ਨੂੰ ਸੀਐੱਸਸੀ ਕਾਲਾ ਬੱਕਰਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ੇਰੇ ਇਲਾਜ ਜਿੱਥੇ ਸੰਤੋਸ਼ ਕੁਮਾਰੀ ਦੀ ਮੌਤ ਹੋ ਗਈ। ਹਾਦਸੇ ‘ਚ ਦੋਵੇਂ ਗੱਡੀਆਂ ਦੇ ਚਾਲਕਾਂ ਦੀਆਂ ਲੱਤਾਂ ਟੁੱਟ ਗਈਆਂ ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ। ਦੂਸਰੇ ਛੋਟਾ ਹਾਥੀ ਗੱਡੀ ਦੇ ਚਾਲਕ ਤੇ ਉਸ ਦੇ ਸਾਥੀ ਦੀ ਮੌਕੇ ‘ਤੇ ਪਛਾਣ ਨਹੀਂ ਹੋ ਸਕੀ।