ਜਲੰਧਰ ਸ਼ਹਿਰ 'ਚ ਸੁਰੱਖਿਆ ਲੈ ਕੇ ਠੱਗੀਆਂ ਮਾਰਨ ਵਾਲਿਆਂ ਗਿਰੋਹਾ ਦੀ ਹੋਵੇ ਜਾਂਚ : ਸਿੱਖ ਤਾਲਮੇਲ ਕਮੇਟੀ
ਜਲੰਧਰ/ ਐਸ ਐਸ ਚਾਹਲ
ਬਾਠ ਕੈਸਲ ਦੇ ਨਿਰਮਾਣ ਬਾਰੇ ਸ਼ਿਕਾਇਤਾਂ ਪਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਨੂੰ ਫੜਨ ਦਾ ਸਿੱਖ ਤਾਲਮੇਲ ਕਮੇਟੀ ਨੇ ਸਵਾਗਤ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਹਰਪ੍ਰਰੀਤ ਸਿੰਘ ਰੋਬਿਨ, ਗੁਰਵਿੰਦਰ ਸਿੰਘ ਨਾਗੀ, ਵਿੱਕੀ ਸਿੰਘ ਖਾਲਸਾ ਨੇ ਕਿਹਾ ਕਿ ਇਹ ਲੋਕ ਪਹਿਲਾਂ ਗੁਰੂ ਸਾਹਿਬਾਨ ਅਤੇ ਸੰਤ ਮਹਾਪੁਰਖਾਂ ਖ਼ਿਲਾਫ ਅਪਸ਼ਬਦ ਬੋਲਦੇ ਹਨ, ਫਿਰ ਆਪਣੇ ਆਪ ‘ਤੇ ਹਮਲੇ ਕਰਵਾਉਂਦੇ ਹਨ ਅਤੇ ਜਨਤਕ ਥਾਵਾਂ ‘ਤੇ ਆਪ ਇਸ਼ਤਿਹਾਰ ਲਾਉਂਦੇ ਹਨ ਤੇ ਨਾਂ ਸਿੱਖਾਂ ਦਾ ਲਾ ਕੇ ਝੂਠੇ ਕੇਸਾਂ ਵਿਚ ਫਸਾਉਂਦੇ ਹਨ ਤੇ ਸਿੱਖਾਂ ਤੋਂ ਡਰ ਦਾ ਨਾਂ ਲੈ ਕੇ ਸੁਰੱਖਿਆ ਲੈਂਦੇ ਹਨ ਜੋ ਕਿ ਪੁਲਿਸ ਬੜੀ ਜਲਦੀ ਇਨ੍ਹਾਂ ਨੂੰ ਗਨਮੈਨ ਉਪਲਬਧ ਕਰਵਾ ਦਿੰਦੀ ਹੈ, ਫਿਰ ਇਹ ਲੋਕ ਸਕਿਓਰਿਟੀ ਦਾ ਦਿਖਾਵਾ ਕਰ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਜਿਸ ਦਾ ਤਾਜਾ ਉਦਾਹਰਣ ਇਨ੍ਹਾਂ ਦੋ ਲੋਕਾਂ ਦੀ ਗਿ੍ਫ਼ਤਾਰੀ ਹੋਣ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਵਿਚ ਅਜਿਹੇ ਹੋਰ ਬਹੁਤ ਸਾਰੇ ਗਿਰੋਹ ਸਰਗਰਮ ਹਨ, ਜਿਹੜੇ ਲੋਕਾਂ ਨੂੰ ਬਲੈਕ ਮੇਲ ਕਰਦੇ ਹਨ ਪਰ ਲੋਕ ਡਰ ਦੇ ਮਾਰੇ ਮੂੰਹ ਨਹੀਂ ਖੋਲ੍ਹਦੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਜੀਲੈਂਸ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਬੇਲੋੜੇ ਗਨਮੈਨ ਲਏ ਹੋਏ ਹਨ, ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ।