ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਥੋੜ੍ਹੀ ਹੀ ਦੇਰ ਵਿੱਚ ਵਿਤ ਮਤੰਰੀ ਹਰਪਾਲ ਸਿੰਘ ਚੀਮਾ ਸਾਲ 2024-25 ਦਾ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਜਾਅਲੀ ਸਰਟੀਫਿਕੇਟਾਂ ਦਾ ਮੁੱਦਾ ਉਠਾਇਆ ਗਿਆ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲੇ ਲੋਕਾਂ ‘ਤੇ ਐਕਸ਼ਨ ਹੋਵੇਗਾ ਤੇ ਵਿਆਜ ਸਮੇਤ ਉਨ੍ਹਾਂ ਤੋਂ ਸਾਰੀ ਤਨਖਾਹ ਵਸੂਲੀ ਜਾਏਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਵੈਸੇ ਹੀ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਹੋਈਆਂ ਹਨ, ਜੋਕਿ ਸਰਕਾਰਾਂ ਦੇ ਵਫਾਦਾਰ ਨੇ, ਕੋਈ ਜਾਅਲੀ ਸਰਟੀਫਿਕੇਟ ਬਣਾ ਕੇ ਪੁਲਿਸ ‘ਚ ਲੱਗ ਗਿਆ ਜਾਂ ਟੀਚਰ ਲੱਗ ਗਿਆ। ਅਸੀਂ ਉਸ ‘ਤੇ ਵੀ ਕਾਰਵਾਈ ਕਰ ਰਹੇ ਹਾਂ ਕਿ ਉਹ ਕਦੋਂ ਤੋਂ ਨੌਕਰੀ ‘ਤੇ ਲੱਗਿਆ, ਉਦੋਂ ਤੱਕ ਉਸ ਨੇ ਕਿੰਨੀ ਤਨਖਾਹ ਲਈ, ਉਹ ਤਨਖਾਹ ਵਿਆਜ ਸਮੇਤ ਵਾਪਸ ਸੀ.ਐੱਮ. ਫੰਡ ਵਿਚ ਆਵੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਨੇ ਕਿਸੇ ਦਾ ਹੱਕ ਮਾਰਿਆ, ਭਾਵੇਂ ਐੱਸਸੀ, ਓਬੀਸੀ ਜਾਂ ਜਨਰਲ ਵਿੱਚ ਬੀਏ-ਐੱਮ ਜੇ ਜਾਅਲੀ ਸਰਟੀਫਿਕੇਟ ਬਣਵਾ ਗਏ, ਅਸੀਂ ਸਾਰੇ ਜਾਅਲੀ ਸਰਟੀਫਿਕੇਟਾਂ ਦੀ ਜਾਂਚ ਕਰ ਰਹੇ ਹਾਂ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਕਿੰਨੇ ਬੰਦੇ ਗਲਤ ਨੌਕਰੀਆਂ ਲੈ ਕੇ ਬੈਠੇ ਸਨ ਤੇ ਉਨ੍ਹਾਂ ‘ਤੇ ਐਕਸ਼ਨ ਵੀ ਹੋਵੇਗਾ, ਐੱਫ.ਆਈ.ਆਰ. ਵੀ ਹੋਏਗੀ ਤੇ ਵਿਆਜ ਸਮੇਤ ਉਨ੍ਹਾਂ ਦੀ ਤਨਖਾਹ ਵਾਪਸ ਲਈ ਜਾਏਗੀ।