ਜਜ਼ਬੇ ਨੂੰ ਸਲਾਮ: ਅਮਰੀਕਾ ਤੋਂ ਕਾਰ ਰਾਹੀਂ 20 ਦੇਸ਼ਾਂ ਦੀ ਯਾਤਰਾ ਕਰਦਾ ਜਲੰਧਰ ਪਹੁੰਚਿਆ ਇਹ ਸ਼ਖਸ
ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਨਾ ਸਿਰਫ ਹੈਰਾਨ ਕਰਨ ਵਾਲਾ ਹੈ ਸਗੋਂ ਕੁਝ ਕਰ ਦਿਖਾਉਣ ਲਈ ਉਤਸ਼ਾਹ ਵੀ ਪੈਦਾ ਕਰਦਾ ਹੈ। ਕੋਰੋਨਾਕਾਲ ਵਿੱਚ ਜਦੋਂ ਸਭ ਕੁਝ ਬੰਦ ਸੀ ਤਾਂ ਲਖਵਿੰਦਰ ਸਿੰਘ ਨਾਮ ਦੇ ਸ਼ਖਸ ਨੇ ਕੁਝ ਵੱਖਰਾ ਕਰਨ ਬਾਰੇ ਸੋਚਿਆ। ਲਖਵਿੰਦਰ ਸਿੰਘ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ‘ਚ ਰਹਿੰਦਾ ਹੈ ਅਤੇ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਲੰਮੇ ਦਾ ਰਹਿਣ ਵਾਲਾ ਹੈ। ਲਖਵਿੰਦਰ ਸਿੰਘ 1985 ਵਿੱਚ ਅਮਰੀਕਾ ਗਿਆ ਤੇ ਉੱਥੇ ਸਖ਼ਤ ਮਿਹਨਤ ਕੀਤੀ ਤੇ ਹੁਣ ਉਥੇ ਉਨ੍ਹਾਂ ਦਾ ਬਹੁਤ ਹੀ ਚੰਗਾ ਕਾਰੋਬਾਰ ਹੈ। ਇਸ ਸਮੇਂ ਦੌਰਾਨ ਜਦੋਂ ਲੋਕ ਘਰਾਂ ਵਿੱਚ ਵਿਹਲੇ ਬੈਠੇ ਸਨ ਤਾਂ ਉਨ੍ਹਾਂ ਨੇ ਕੁਝ ਵੱਖਰਾ ਕਰਨ ਦੀ ਸੋਚ ਨਾਲ ਵਿਉਂਤਬੰਦੀ ਕਰ ਕੇ ਅਮਰੀਕਾ ਤੋਂ ਆਪਣੀ ਕਾਰ ਲੈ ਕੇ ਭਾਰਤ ਆਉਣ ਬਾਰੇ ਸੋਚਿਆ। ਹਾਲਾਂਕਿ ਸ਼ੁਰੂਆਤ ਵਿੱਚ ਉਸ ਨੂੰ ਆਪਣੇ ਪਰਿਵਾਰ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਅਮਰੀਕਾ ਤੋਂ ਭਾਰਤ ਦਾ ਸਫ਼ਰ ਕਾਫੀ ਮੁਸ਼ਕਿਲ ਹੈ ਪਰ ਲਹਵਿੰਦਰ ਸਿੰਘ ਤਿੰਨ ਸਾਲਾਂ ਦੀ ਕੀਤੀ ਮਿਹਨਤ ਨੂੰ ਅਜਾਈਂ ਨਹੀਂ ਸੀ ਜਾਣ ਦੇਣਾ ਚਾਹੁੰਦੇ ਜਿਸ ਦੇ ਚਲਦੇ ਉਨ੍ਹਾਂ ਨੇ ਇਹ ਸਫ਼ਰ ਸ਼ੁਰੂ ਕੀਤਾ ਅਤੇ ਕਰੀਬ 34 ਦਿਨਾਂ ਵਿੱਚ 20 ਦੇਸ਼ਾਂ ਦਾ ਦੌਰਾ ਕਰਦਿਆਂ ਆਪਣੀ ਮੰਜ਼ਿਲ ‘ਤੇ ਪਹੁੰਚੇ।
ਇਸ ਮੌਕੇ ਗਲਬਾਤ ਕਰਦਿਆਂ ਲਖਵਿੰਦਰ ਸਿੰਘ ਨੇ ਦੱਸਿਆ ਇਰਾਨ ਅਤੇ ਪਾਕਿਸਤਾਨ ਦਾ ਵੀਜ਼ਾ ਲੈਣ ਵਿੱਚ ਉਨ੍ਹਾਂ ਨੂੰ ਕਾਫੀ ਸਮੱਸਿਆ ਆਈ ਪਰ ਤਿੰਨ ਵਾਰ ਪਾਕਿਸਤਾਨ ਦਾ ਵੀਜ਼ਾ ਰਿਫਿਊਜ਼ ਹੋਣ ਮਗਰੋਂ ਉਨ੍ਹਾਂ ਨੂੰ ਵੀਜ਼ਾ ਮਿਲ ਗਿਆ ਅਤੇ ਉਨ੍ਹਾਂ ਨੇ ਆਪਣੇ ਸਫ਼ਰ ਦੌਰਾਨ ਸਭ ਤੋਂ ਵੱਧ ਸਮਾਂ ਵੀ ਪਾਕਿਸਤਾਨ ਵਿੱਚ ਹੀ ਬਿਤਾਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਤੋਂ ਆਪਣੀ ਕਾਰ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਭੇਜੀ ਅਤੇ ਇੰਗਲੈਂਡ ਤੋਂ ਰੇਲਗੱਡੀ ਰਾਹੀਂ ਬੈਲਜੀਅਮ ਪਹੁੰਚਿਆ ਤੇ ਉਸ ਤੋਂ ਬਾਅਦ ਜਰਮਨ, ਸਵਿਟਜ਼ਰਲੈਂਡ, ਆਸਟਰੀਆ, ਹੰਗਰੀ ਆਦਿ ਯੂਰਪੀ ਦੇਸ਼ਾਂ ਤੋਂ ਹੁੰਦੇ ਹੋਏ ਪੈਰਿਸ ਤੁਰਕੀ ਪਹੁੰਚਿਆ।
ਇਸ ਤੋਂ ਬਾਅਦ ਉਹ ਈਰਾਨ ਦੇ ਰਸਤੇ ਪਾਕਿਸਤਾਨ ਗਏ ਜਿਥੇ ਉਨ੍ਹਾਂ ਨੇ ਦੋ ਹਫਤਿਆਂ ਤੋਂ ਵੱਧ ਸਮਾਂ ਬਿਤਾਇਆ। ਲਖਵਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੇ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਤੇ ਮਹਿਮਾਨਨਿਵਾਜ਼ੀ ਦਿੱਤੀ ਤੇ 11 ਦਿਨਾਂ ਤਕ ਲੋਕਾਂ ਨੇ ਉਸ ਨੂੰ ਆਪਣੇ ਘਰਾਂ ਵਿੱਚ ਰੱਖਿਆ। ਲਖਵਿੰਦਰ ਸਿੰਘ ਅਨੁਸਾਰ ਇਸ 34 ਦਿਨ ਦੇ ਸਫ਼ਰ ਦੌਰਾਨ ਰਸਤੇ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ ਸਗੋਂ ਲੋਕਾਂ ਵਲੋਂ ਭਰਪੂਰ ਪਿਆਰ ਮਿਲਿਆ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਸਾਰੇ ਦੇਸ਼ਾਂ ਦੀਆਂ ਸਥਾਨਕ ਭਾਸ਼ਾਵਾਂ ਨਹੀਂ ਜਾਣਦੇ ਪਰ ਇਸ਼ਾਰਿਆਂ ਵਿੱਚ ਆਪਣੀ ਗੱਲ ਸਮਝਾ ਦਿੰਦੇ ਸਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਪੂਰੇ ਸਫ਼ਰ ਬਾਰੇ ਆਪਣੀ ਗੱਡੀ ‘ਤੇ ਵੀ ਖ਼ੂਬਸੂਰਤ ਚਿੱਤਰਕਾਰੀ ਕਰਵਾਈ ਸੀ ਜੋ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ। ਲਖਵਿੰਦਰ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਕਈ ਲੋਕ ਤਾਂ ਉਨ੍ਹਾਂ ਤੋਂ ਖਾਣੇ ਅਤੇ ਤੇਲ ਦੇ ਪੈਸੇ ਵੀ ਨਹੀਂ ਲੈਂਦੇ ਸਨ।