Jalandhar

ਟਰਾਂਸਪੋਰਟ ਮੰਤਰੀ ਵਲੋਂ RTA ਦਫ਼ਤਰ ਦਾ ਅਚਨਚੇਤ ਦੌਰਾ, ਬੱਸਾਂ ਦੀ ਚੈਕਿੰਗ 5 ਬੱਸਾਂ ਜ਼ਬਤ, 14 ਬੱਸਾਂ ਦੇ ਕੀਤੇ ਚਲਾਨ

ਜਲੰਧਰ,   ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਸਵੇਰੇ ਸਥਾਨਕ ਆਰ.ਟੀ.ਏ. ਦਫ਼ਤਰ ਦਾ ਅਚਨਚੇਤ ਦੌਰਾ ਕਰਨ ਤੋਂ ਇਲਾਵਾ ਰਾਮਾ ਮੰਡੀ ਚੌਕ, ਕਰਤਾਰਪੁਰ ਅਤੇ ਢਿੱਲਵਾਂ ਟੌਲ ਪਲਾਜ਼ਾ ਵਿਖੇ ਬੱਸਾਂ ਦੀ ਚੈਕਿੰਗ ਕਰਦਿਆਂ ਬਿਨਾਂ ਦਸਤਾਵੇਜ਼ਾਂ ਤੋਂ ਚਲਦੀਆਂ ਪੰਜ ਬੱਸਾਂ ਨੂੰ ਜ਼ਬਤ ਕਰਵਾਇਆ ਗਿਆ।

ਟਰਾਂਸਪੋਰਟ ਮੰਤਰੀ ਵਲੋਂ ਤਿੰਨ ਥਾਵਾਂ ’ਤੇ 63 ਬੱਸਾਂ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਪੰਜ ਬੱਸਾਂ ਜ਼ਬਤ ਕਰਨ ਸਣੇ 14 ਬੱਸਾਂ ਦੇ ਵੱਖ-ਵੱਖ ਉਲੰਘਣਾਵਾਂ ਦੇ ਚਲਾਨ ਕੀਤੇ ਗਏ।

ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਸਮੇਤ ਟਰਾਂਸਪੋਰਟ ਮੰਤਰੀ ਵਲੋਂ ਸਵੇਰੇ 7:30 ਵਜੇ ਆਰ.ਟੀ.ਏ. ਦਫ਼ਤਰ ਵਿਖੇ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਨਿਸ਼ਚਿਤ ਸਮੇਂ ਅੰਦਰ ਜਨਤਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਸਮੁੱਚਾ ਸਟਾਫ਼ ਸਵੇਰ ਸਮੇਂ ਸਿਰ ਆਪਣੀਆਂ ਸੀਟਾਂ ’ਤੇ ਮੌਜੂਦ ਰਹਿ ਕੇ ਸੇਵਾਵਾਂ ਨਿਭਾਅ ਰਿਹਾ ਹੈ। ਉਨ੍ਹਾਂ ਆਰ.ਟੀ.ਏ. ਦਫ਼ਤਰ ਦਾ ਦੌਰਾ ਕਰਕੇ ਸਟਾਫ਼ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਹਾਜ਼ਰੀ ਰਜਿਸਟਰ ਵੀ ਚੈਕ ਕੀਤੇ।

ਆਰ.ਟੀ.ਏ. ਦਫ਼ਤਰ ਦੇ ਦੌਰੇ ਤੋਂ ਬਾਅਦ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਅਧਿਕਾਰੀਆਂ ਸਮੇਤ ਸਥਾਨਕ ਰਾਮਾ ਮੰਡੀ ਚੌਕ, ਕਰਤਾਰਪੁਰ ਅਤੇ ਟੌਲ ਪਲਾਜ਼ਾ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਪਹੁੰਚੇ, ਜਿਥੇ ਉਨ੍ਹਾਂ ਖ਼ੁਦ ਬੱਸਾਂ ਦੇ ਪਰਮਿਟ, ਟੈਕਸ ਦੇ ਕਾਗ਼ਜ਼ਾਤ ਆਦਿ ਦੀ ਜਾਂਚ ਕੀਤੀ। ਟਰਾਂਸਪੋਰਟ ਮੰਤਰੀ ਵੱਲੋਂ 63 ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਪੰਜ ਬੱਸਾਂ ਨੂੰ ਮੌਕੇ ’ਤੇ ਜ਼ਬਤ ਕੀਤਾ ਗਿਆ ਅਤੇ 14 ਦੇ ਬਣਦੇ ਚਲਾਨ ਕੀਤੇ ਗਏ।

ਟਰਾਂਸਪੋਰਟ ਮੰਤਰੀ ਨੇ ਕਿ ਬਣਦੇ ਪ੍ਰਮਾਣਕ ਦਸਤਾਵੇਜ਼ਾਂ ਜਿਵੇਂ ਟੈਕਸ, ਟੂਰ ਵੇਰਵਾ ਅਤੇ ਪਰਮਿਟ ਆਦਿ ਤੋਂ ਬਿਨਾਂ ਕਿਸੇ ਵੀ ਬੱਸ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Leave a Reply

Your email address will not be published.

Back to top button