
ਜਲੰਧਰ ਦਿਹਾਤ ਦੇ ਥਾਣਾ ਫਿਲੌਰ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇੱਕ ਟਰੱਕ ਵਿਚ ਆਲੂ ਚਿਪਸ ਦੀ ਆੜ ਵਿਚ ਚੂਰਾ ਪੋਸਤ ਡੋਡਿਆਂ ਦੀ ਤਸਕਰੀ ਕਰਦੇ ਹੋਏ ਦੋ ਤਸਕਰਾਂ ਨੂੰ ਕਾਬੂ ਕਰਕੇ ਇੰਨਾ ਪਾਸੋ ਟਰੱਕ ਵਿਚੋਂ ਚੂਰਾ ਪੋਸਤ ਡੋਡਿਆਂ ਦੀ ਖੇਪ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।ਐੱਸਐੱਸਪੀ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਲਸਾੜਾ ਵਿਚ ਨਾਕਾਬੰਦੀ ਕੀਤੀ ਹੋਈ ਸੀ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਫਿੱਲੌਰ ਸ਼ਹਿਰ ਵੱਲੋਂ ਟਰੱਕ ਨੰਬਰ ਪੀ ਬੀ 08 ੲ ਸੀ 3854 ਜਿਸ ਨੂੰ ਇੱਕ ਪੱਗੜੀਧਾਰੀ ਵਿਅਕਤੀ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਵਾਲੀ ਸੀਟ ਤੇ ਇਕ ਮੋਨਾ ਵਿਅਕਤੀ ਬੈਠਾ ਹੋਇਆ ਸੀ। ਜਦ ਟਰੱਕ ਨੂੰ ਜਾਂਚ ਲਈ ਰੋਕਿਆ ਗਿਆ ਤਾਂ ਟਰੱਕ ਵਿੱਚ ਬੈਠੇ ਦੋਵੇਂ ਬੁਰੀ ਤਰ੍ਹਾਂ ਘਬਰਾ ਗਏ ਅਤੇ ਹੇਠਾਂ ਉਤਰੇ। ਜਦ ਉਨ੍ਹਾਂ ਦਾ ਨਾਂ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਨਾਮ ਦਲਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਪਾਲਕਦੀਮ ਫਿਲੋਰ ਅਤੇ ਪਰਮਿੰਦਰ ਸਿੰਘ ਉਰਫ਼ ਪਿੰਦਰ ਵਾਸੀ ਪਿੰਡ ਢਕ ਬੱਸੀਆਂ ਦੱਸਿਆ। ਬਾਅਦ ਵਿਚ ਡੀ ਐੱਸ ਪੀ ਜਗਦੀਸ਼ ਰਾਜ ਦੀ ਹਾਜ਼ਰੀ ਵਿੱਚ ਜਦ ਰੱਸੀਆਂ ਨਾਲ ਬੰਨੀ ਤਿਰਪਾਲ ਖੋਲ੍ਹੀ ਗਈ ਤਾਂ ਟਰੱਕ ਵਿਚੋਂ ਪਲਾਸਟਿਕ ਦੇ ਬੋਰਿਆਂ ਵਿੱਚੋਂ ਕੱਚਾ ਆਲੂ ਚਿਪਸ ਬਰਾਮਦ ਹੋਏ।
