
ਜਲੰਧਰ: ਐਸ ਐਸ ਚਾਹਲ
ਆਈ.ਆਈ.ਐਮ ਬੰਗਲੌਰ ਦੇ ਲੁਮੀਨਾਈ ਡਾ. ਐਸ.ਕੇ. ਮਿਸ਼ਰਾ ਨੂੰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਦਾ 17ਵਾਂ ਰਜਿਸਟਰਾਰ ਨਿਯੁਕਤ ਕੀਤਾ ਗਿਆ ਹੈ!
ਇਸ ਤੋਂ ਪਹਿਲਾਂ ਡਾ. ਮਿਸ਼ਰਾ ਯੂਨੀਵਰਸਿਟੀ ਵਿੱਚ ਹੀ ਰਜਿਸਟਰਾਰ ਦੇ ਅਹੁਦੇ ਦਾ ਵਾਧੂ ਚਾਰਜ ਦੇਖ ਰਹੇ ਸਨ। ਇਸ ਹਫਤੇ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕੀਤੀ ਗਈ ਨਿਯੁਕਤੀ ਤੋਂ ਬਾਅਦ ਡਾ. ਮਿਸ਼ਰਾ ਨੇ ਬੁੱਧਵਾਰ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਅਹੁਦਾ ਸੰਭਾਲ ਲਿਆ ਹੈ! ਬੁੱਧਵਾਰ ਨੂੰ ਉਨ੍ਹਾਂ ਦੀ ਨਿਯੁਕਤੀ ਅਤੇ ਅਹੁਦਾ ਸੰਭਾਲਣ ਮੌਕੇ ‘ਆਗਮਨ’ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਯੂਨੀਵਰਸਿਟੀ ਦੇ ਸਮੂਹ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਰਜਿਸਟਰਾਰ ਬਣਨ ‘ਤੇ ਉਹਨਾਂ ਦਾ ਸਵਾਗਤ ਕੀਤਾ |
ਵਰਨਣਯੋਗ ਹੈ ਕਿ ਡਾ. ਐਚ.ਐਸ.ਬੈਂਸ ਨੂੰ ਯੂਨੀਵਰਸਿਟੀ ਵਿਚ ਬਤੌਰ ਰੈਗੂਲਰ ਰਜਿਸਟਰਾਰ ਨਿਯੁਕਤ ਕੀਤਾ ਗਿਆ ਸੀ ਅਤੇ ਸਾਲ 2014 ਵਿਚ ਡਾ. ਬੈਂਸ ਦੇ ਜਾਣ ਤੋਂ ਬਾਅਦ 06 ਵੱਖ-ਵੱਖ ਅਧਿਕਾਰੀਆਂ ਕੋਲ ਇਸ ਅਹੁਦੇ ਦਾ ਵਾਧੂ ਚਾਰਜ ਸੀ, ਜਿਨ੍ਹਾਂ ਵਿਚ ਪੰਜ ਯੂਨੀਵਰਸਿਟੀ ਦੇ ਅਧਿਕਾਰੀ ਸਨ ਅਤੇ ਇੱਕ ਆਈ.ਏ.ਐਸ ਅਧਿਕਾਰੀ ਸ਼ਾਮਿਲ ਰਹੇ ਹਨ! ਡਾ.ਐਸ.ਕੇ. ਮਿਸ਼ਰਾ ਆਈ.ਕੇ.ਜੀ.ਪੀ.ਟੀ.ਯੂ. ਵਿੱਚ ਵਿੱਤ ਅਫ਼ਸਰ ਵਜੋਂ ਸਥਾਈ ਪੋਸਟ ‘ਤੇ ਹਨ, ਜਦਕਿ ਉਹ ਪਹਿਲਾਂ ਡੈਪੂਟੇਸ਼ਨ ‘ਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ. ਜਲੰਧਰ) ਦੇ ਰਜਿਸਟਰਾਰ ਵੀ ਰਹੇ ਸਨ।
ਡਾ.ਐਸ.ਕੇ ਮਿਸ਼ਰਾ ਨੂੰ ਅਪ੍ਰੈਲ 2022 ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਅਹੁਦੇ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ! ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਹੁਲ ਭੰਡਾਰੀ ਆਈ.ਏ.ਐਸ. ਜੋ ਕਿ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਹਨ, ਵੱਲੋਂ ਸਥਾਈ ਨਿਯਮਾਂ ਅਨੁਸਾਰ ਰਜਿਸਟਰਾਰ ਦੀ ਨਿਯੁਕਤੀ ਲਈ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਨੂੰ ਪੂਰਾ ਕਰਦਿਆਂ ਡਾ. ਮਿਸ਼ਰਾ ਨੂੰ ਇਹ ਅਗਵਾਈ ਮਿਲੀ ਹੈ| ਚੰਡੀਗੜ੍ਹ ਤੋਂ ਵਾਈਸ ਚਾਂਸਲਰ ਰਾਹੁਲ ਭੰਡਾਰੀ ਵੱਲੋਂ ਔਨਲਾਈਨ ਇਸ ਸਮਾਰੋਹ ਨੂੰ ਜੁਆਇਨ ਕਰਕੇ ਡਾ. ਮਿਸ਼ਰਾ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ!
ਇਸ ਮੌਕੇ ਡਾ. ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਰਾਸ਼ਟਰੀ ਪੱਧਰ ਦੀਆਂ ਤਕਨੀਕੀ ਵਿੱਦਿਅਕ ਸੰਸਥਾਵਾਂ ਵਾਂਗ ਯੂਨੀਵਰਸਿਟੀ ਵਿਖੇ ਵਧੀਆ ਪ੍ਰਬੰਧ ਕਰਕੇ ਵਿੱਦਿਆ ਦਾ ਪ੍ਰਸਾਰ ਕਰਨਾ ਹੈ! ਉਨ੍ਹਾਂ ਯੂਨੀਵਰਸਿਟੀ ਦੇ ਸਟਾਫ਼, ਫੈਕਲਟੀ ਅਤੇ ਅਧਿਕਾਰੀਆਂ ਨੂੰ ਯੂਨੀਵਰਸਿਟੀ ਦੇ ਵਿਕਾਸ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਮਿਲ ਕੇ ਬਿਹਤਰੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ।