
ਜਲੰਧਰ ਡੀਏਵੀ ਯੂਨੀਵਰਸਿਟੀ ਦੀ ਐੱਨਐੱਸਐੱਸ ਯੂਨਿਟ ਵੱਲੋਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਪ੍ਰਤੀ ਜਾਗਰੂਕ ਕਰਨ ਲਈ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਸੀ ਕਿ ਉਨ੍ਹਾਂ ਦੀ ਛੋਟੀ ਜਿਹੀ ਕੋਸ਼ਿਸ਼ ਲੋੜਵੰਦ ਲੋਕਾਂ ਦੇ ਜੀਵਨ ‘ਤੇ ਕੀ ਪ੍ਰਭਾਵ ਪਾ ਸਕਦੀ ਹੈ। ਸਮਾਗਮ ਦਾ ਸੰਚਾਲਨ ਡਾ. ਮਨੇਟ ਦੀਵਾਨ, ਡਾਇਰੈਕਟਰ ਤੇ ਸਹਿ-ਸੰਸਥਾਪਕ, ਸਿਟੀਨੀਡਜ਼ ਇਨੋਵੇਸ਼ਨ ਵੱਲੋਂ ਕੀਤਾ ਗਿਆ। ਸਿਟੀਨੀਡਜ਼ ਇਨੋਵੇਸ਼ਨ ਇਕ ਵਰਚੁਅਲ ਪਲੇਟਫਾਰਮ ਹੈ ਜੋ ਸਥਾਨਕ ਐੱਨਜੀਓ ਨੂੰ ਵਲੰਟੀਅਰਾਂ ਅਤੇ ਦਾਨੀਆਂ ਨਾਲ ਜੋੜਦਾ ਹੈ। ਵਰਕਸ਼ਾਪ ਦੌਰਾਨ ਡਾ. ਦੀਵਾਨ ਨੇ ਦੁਨੀਆ ਭਰ ਦੇ ਲੋਕਾਂ ਨੂੰ ਦਰਪੇਸ਼ ਕਈ ਸਮਾਜਿਕ ਅਤੇ ਨਿੱਜੀ ਮੁੱਦਿਆਂ ‘ਤੇ ਚਾਨਣਾ ਪਾਇਆ। ਡਾ. ਦੀਵਾਨ ਨੇ ਦੱਸਿਆ ਕਿ ਜਿਨ੍ਹਾਂ ਕੋਲ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਲੋੜੀਂਦੇ ਸਾਧਨ ਹਨ, ਉਹ ਲੋਕਾਂ ਦੀ ਮਦਦ ਕਰ ਕੇ ਖੁਸ਼ੀਆਂ ਪ੍ਰਰਾਪਤ ਕਰ ਸਕਦੇ ਹਨ। ਸੀਟੀਨੀਡਸ ਨੇ ਸਮਰਪਿਤ ਵਲੰਟੀਅਰਾਂ ਅਤੇ 70 ਤੋਂ ਵੱਧ ਸਥਾਨਕ ਐੱਨਜੀਓਜ਼ ਨਾਲ ਭਾਈਵਾਲੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਲੋੜਵੰਦਾਂ ਦੀ ਮਦਦ ਲਈ ਲੋਕਾਂ ਨੂੰ ਪੈਸੇ, ਭੋਜਨ, ਕਿਤਾਬਾਂ, ਖੂਨ ਅਤੇ ਕੱਪੜੇ ਦਾਨ ਕਰਨ ਲਈ ਪੇ੍ਰਿਤ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਨੇ ਸਮਾਜ ਸੇਵਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਨੂੰ ਖੁਸ਼ਹਾਲ ਬਣਾਉਣ ਲਈ ਵਲੰਟੀਅਰ ਬਣਨ ਦੀ ਅਪੀਲ ਕੀਤੀ। ਡੀਏਵੀ ਯੂਨੀਵਰਸਿਟੀ ਵਿਚ ਐੱਨਐੱਸਐੱਸ ਦੀ ਇੰਚਾਰਜ ਡਾ. ਸਮਿ੍ਤੀ ਖੋਸਲਾ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਰਜਿਸਟਰਾਰ ਡਾ. ਕੇਐੱਨ ਕੌਲ ਨੇ ਕਿਹਾ ਕਿ ਲੋਕ ਸੇਵਾ ਕਿਸੇ ਵੀ ਸਮਾਜ ਦੀ ਤਰੱਕੀ ਦਾ ਅਨਿੱਖੜਵਾਂ ਅੰਗ ਹੋਣੀ ਚਾਹੀਦੀ ਹੈ।