
ਗਿੱਦੜਬਾਹਾ ਥਾਣੇ ‘ਚ ਕਿਸੇ ਗੱਲ ਨੂੰ ਲੈ ਕੇ ਆਈਆਂ ਦੋ ਧਿਰਾਂ ‘ਚ ਹੱਥੋਪਾਈ ਹੋ ਗਈ। ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਇੱਕ ਧਿਰ ਦੇ ਲੋਕਾਂ ਨੇ ਥਾਣੇ ਵਿੱਚ ਹੀ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਇੱਕ ਸਿਪਾਹੀ ਦੀ ਉਂਗਲੀ ਨੂੰ ਮੂੰਹ ਵਿੱਚ ਪਾ ਕੇ ਵੱਢ ਦਿੱਤਾ ਗਿਆ। ਇਸ ਦੇ ਨਾਲ ਹੀ ਵਰਦੀ ਨੂੰ ਵੀ ਹੱਥ ਪਾਇਆ ਗਿਆ ਜਦੋਂਕਿ ਬਚਾਅ ਲਈ ਆਏ ਦੂਜੇ ਕਾਂਸਟੇਬਲ ‘ਤੇ ਡਾਂਗ ਨਾਲ ਹਮਲਾ ਕਰ ਦਿੱਤਾ ਗਿਆ।
ਮੁਲਜ਼ਮਾਂ ਨੇ ਗੇਟ ’ਤੇ ਤਾਇਨਾਤ ਸੰਤਰੀ ਦੀ ਵਰਦੀ ਦੇ ਬਟਨ ਖਿੱਚ ਕੇ ਤੋੜ ਦਿੱਤੇ। ਦੋ ਕਾਂਸਟੇਬਲਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਦੋ ਔਰਤਾਂ ਸਮੇਤ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।