ਹਰਿਆਣਾ ਦੇ ਫਰੀਦਾਬਾਦ ਦੇ ਪਾਲੀ ਰੋਡ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਹੋਣ ਦੀ ਸੂਚਨਾ ਸਾਹਮਣੇ ਆ ਰਹੀ ਹੈ, ਜਿਸ ਵਿੱਚ 6 ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਾਮਲਾ ਫਰੀਦਾਬਾਦ ਦਾ ਹੈ ਜਿੱਥੇ ਗੁੜਗਾਓਂ ਤੋਂ ਜਨਮ ਦਿਨ ਦੀ ਪਾਰਟੀ ਮਨਾ ਕੇ ਪਰਤ ਰਹੇ ਨੌਜਵਾਨ ਦੀ ਆਲਟੋ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਸੜਕ ਦੇ ਦੂਜੇ ਪਾਸੇ ਚੱਲ ਰਹੇ ਡੰਪਰ ਨਾਲ ਟਕਰਾ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ‘ਚ ਬੈਠੇ ਸਾਰੇ ਨੌਜਵਾਨਾਂ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸਾਰੇ ਨੌਜਵਾਨਾਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲਿਆਂ ਦੇ ਨਾਂ ਜਤਿਨ ਛਾਬੜਾ, ਪੁਨੀਤ ਮੰਗਲਾ, ਸੰਦੀਪ ਵਾਡੀਆ, ਨੋਨੂ ਗੁਲਾਟੀ, ਵਿਸ਼ਾਲ ਸੇਠੀ ਅਤੇ ਸੰਦੀਪ ਹਨ। ਸਾਰੇ ਪਲਵਲ ਦੇ ਕੈਂਪ ਅਤੇ ਜਵਾਹਰ ਨਗਰ ਦੇ ਰਹਿਣ ਵਾਲੇ ਹਨ।
ਮੁਢਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਮਰਨ ਵਾਲੇ ਸਾਰੇ ਨੌਜਵਾਨਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਇਹ ਸਾਰੇ ਨੌਜਵਾਨ ਪਲਵਲ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ ਸਾਰੇ ਆਪਣੇ ਦੋਸਤ ਰਿੰਕੂ ਦਾ ਜਨਮ ਦਿਨ ਮਨਾ ਕਾਰ ‘ਚ ਸਵਾਰ ਹੋ ਕੇ ਨਿਕਲੇ ਸਨ। ਪਿੰਡ ਪਾਲੀ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਸੜਕ ਦੇ ਦੂਜੇ ਪਾਸੇ ਚੱਲ ਰਹੇ ਡੰਪਰ ਨੇ ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਨ੍ਹਾਂ ਸਾਰਿਆਂ ਦੀ ਮੌਤ ਹੋ ਗਈ।