
ਜਲੰਧਰ, ਐਸ ਐਸ ਚਾਹਲ / ਐਚ ਐਸ ਚਾਵਲਾ
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਅੱਜ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸੀਨੀਅਰ ਕਾਂਗਰਸੀ ਆਗੂ ਕਾਕੂ ਆਹਲੂਵਾਲੀਆ, ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਨਰਵੈਲ ਸਿੰਘ ਕੰਗ (ਸਾਬਕਾ ਜਿਲ੍ਹਾ ਪਰਿਸ਼ਦ ਮੈਂਬਰ ਹਨ), ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਅਮਰੀਕ ਬਾਗੜੀ , ਪਰਮਜੀਤ ਕੌਰ, ਰਾਜੇਸ਼ ਜੀ, ਕਰਣ ਮੱਲ੍ਹੀ, ਸਕੱਤਰ ਪੰਜਾਬ ਕਾਂਗਰਸ ਵਿਜੇ ਥਾਪਰ , ਭਾਜਪਾ ਦੇ ਸੀਨੀਅਰ ਨੇਤਾ ਮਨਜਿੰਦਰ ਸਿੰਘ ਚੱਠਾ, ਭਾਜਪਾ NRI ਵਿੰਗ ਜਲੰਧਰ ਦੇ ਪ੍ਰਧਾਨ ਅਤੇ ਮੌਜੂਦਾ ਜਿਲ੍ਹਾ ਸੈਕਟਰੀ ਸੌਦਾਗਰ ਸਿੰਘ ਔਜਲਾ, ਸਾਬਕਾ ਕੌਂਸਲਰ ਵਿੱਕੀ ਤੁਲਸੀ, ਪਰਵੀਨ ਪਹਿਲਵਾਨ, ਰਾਜਿੰਦਰ ਸ਼ੇਖਰ, ਗੋਪੀ ਚੰਦ ਗੁਲਾਟੀ, ਅਕਾਲੀ ਦਲ ਦੇ ਬੰਟੀ ਬਾਜਵਾ, ਲੱਕੀ ਓਬਰਾਏ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ।
ਸਰਕਟ ਹਾਊਸ ਜਲੰਧਰ ਵਿੱਚ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਹਾਜ਼ਰੀ ਵਿਚ ਅੱਜ ਵਿਧਾਇਕ ਰਮਨ ਅਰੋੜਾ, ਵਿਧਾਇਕ ਸ਼ੀਤਲ ਅੰਗੁਲ, ਸਪੋਰਟਸ ਵਿੰਗ ਪੰਜਾਬ ਦੇ ਪ੍ਰਧਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਰਾਜਵਿੰਦਰ ਕੌਰ ਅਤੇ ਦਿਨੇਸ਼ ਢੱਲ ਨੇ ਇਹਨਾਂ ਆਗੂਆਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ, ਜਿਨ੍ਹਾਂ ਨੂੰ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ।
ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਇਹਨਾਂ ਆਗੂਆਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਲਿਆ ਹੈ ਅਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ-ਇਕ ਕਰ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ 600 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਆਮ ਆਦਮੀ ਕਲੀਨਿਕ ਖੋਲ੍ਹ ਕੇ ਜਨਤਾ ਨੂੰ ਵੱਡੀ ਸੌਗਾਤ ਦਿੱਤੀ ਗਈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ।