
ਜਲੰਧਰ ਦੇ ਪਤਾਰਾ ਇਲਾਕੇ ਦੇ ਨਾਲ ਲੱਗਦੇ ਅਮਨ ਐਨਕਲੇਵ ਪਿੰਡ ਭੋਜੋਵਾਲ ‘ਚ ਦੋ ਬਾਈਕ ਸਵਾਰ ਨੌਜਵਾਨਾਂ ਨੇ ਮਾਂ-ਧੀ ਨੂੰ ਘਰ ਆ ਕੇ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਦੋਵੇਂ ਮਾਵਾਂ-ਧੀਆਂ ਦੀ ਮੌਤ ਹੋ ਗਈ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਵੇਰੇ 10 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤੇ ਘਰ ‘ਚ ਦਾਖਲ ਹੋ ਕੇ ਉਥੇ ਰਹਿ ਰਹੀ ਮਾਂ-ਧੀ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਤੋਂ ਬਾਅਦ ਉਨਾਂ ਦੀਆਂ ਲਾਸ਼ਾਂ ਨੂੰ ਅੱਗ ਲਾ ਦਿੱਤੀ ਗਈ। ਪਾਤੜਾਂ ਥਾਣੇ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਪੁੱਜੀ ਪੁਲਸ ਨੇ ਦੱਸਿਆ ਕਿ ਜਗਤਾਰ ਸਿੰਘ ਅਮਨ ਐਨਕਲੇਵ ਵਿੱਚ ਆਪਣੀ ਧੀ ਅਤੇ ਪਤਨੀ ਨਾਲ ਰਹਿੰਦਾ ਸੀ। ਉਨਾਂ ਦੱਸਿਆ ਕਿ ਉਸ ਦੀ ਧੀ ਦਾ ਪਤੀ ਜਸਪ੍ਰੀਤ ਸਿੰਘ ਜੱਸਾ ਅਮਰੀਕਾ ਰਹਿੰਦਾ ਹੈ,ਪਰਿਵਾਰ ਮੁਤਾਬਕ ਲੜਕੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦਾ ਇੱਕ ਬੱਚਾ ਹੈ। ਇਨਾਂ ਦੀ ਆਪਸ ਵਿਚ ਨਹੀਂ ਬਣਦੀ ਸੀ, ਜਿਸ ਕਾਰਣ ਉਸ ਦੇ ਜਵਾਈ ਨੇ ਕੁਝ ਲੋਕਾਂ ਨੂੰ ਸੁਪਾਰੀ ਦੇ ਕੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀਆਂ ਮਰਵਾ ਕੇ ਮਾਰ ਦਿੱਤਾ। ਦੱਸ ਦੇਈਏ ਕਿ ਜਗਤਾਰ ਸਿੰਘ ਦੀ ਪਤਨੀ ਰਣਜੀਤ ਕੌਰ ਦੀ ਉਮਰ 58 ਸਾਲ ਅਤੇ ਬੇਟੀ ਗੁਰਪ੍ਰੀਤ ਕੌਰ ਦੀ ਉਮਰ 32 ਸਾਲ ਸੀ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਹਮਲਾ ਕਰਨ ਆਏ ਹਮਲਾਵਰਾਂ ਨੇ ਆਪਣੇ ਮੂੰਹ ਰੁਮਾਲਾਂ ਨਾਲ ਢਕੇ ਹੋਏ ਸਨ। ਗੁਰਪ੍ਰੀਤ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਤਲ ਕਰਵਾਏ ਹਨ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਜਲੰਧਰ ਦੇਹਾਤ ਪੁਲਸ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਤੁਰੰਤ ਮੌਕੇ ‘ਤੇ ਪਹੁੰਚ ਗਏ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਤਕ ਰਣਜੀਤ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਉਸ ਦੀ ਪਤਨੀ ਅਤੇ ਬੇਟੀ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਘਟਨਾ ਵਾਪਰਨ ਵੇਲੇ ਉਹ ਆਪਣੀ ਪੋਤੀ ਸਾਂਝ ਪ੍ਰੀਤ ਨੂੰ ਆਪਣੀ ਭਤੀਜੀ ਦੇ ਘਰ ਛੱਡਣ ਗਿਆ ਸੀ। ਸਵੇਰੇ 10 ਵਜੇ ਉਸ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਉਸ ਦੇ ਘਰ ਨੂੰ ਅੱਗ ਲੱਗ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਘਰ ਨੂੰ ਕਿਸੇ ਵੀ ਹਾਲਤ ਵਿਚ ਅੱਗ ਨਹੀਂ ਲੱਗ ਸਕਦੀ। ਕਿਉਂਕਿ ਅਜਿਹੀ ਕੋਈ ਗੱਲ ਨਹੀਂ ਹੈ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਫਰਸ਼ ਅਤੇ ਕੰਧਾਂ ‘ਤੇ ਖੂਨ ਸੀ ਅਤੇ ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਮੌਤ ਅੱਗ ਲੱਗਣ ਕਾਰਨ ਹੋਈ ਹੈ।ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੋਏ ਸਨ ਪਰ ਹਮਲਾਵਰ ਡੀ.ਵੀ.ਆਰ. ਨਾਲ ਲੈ ਗਏ।