
ਚਾਰ ਹਾਈ ਕੋਰਟਾਂ ਨੂੰ ਅੱਜ ਨਵੇਂ ਚੀਫ਼ ਜਸਟਿਸ ਮਿਲ ਗਏ ਹਨ। ਨਵਨਿਯੁਕਤ ਚੀਫ਼ ਜਸਟਿਸਾਂ ਵਿੱਚ ਜਸਟਿਸ ਸੋਨੀਆ ਗਿਰਧਰ ਗੋਕਨੀ, ਜਸਟਿਸ ਸੰਦੀਪ ਮਹਿਤਾ, ਜਸਟਿਸ ਜਸਵੰਤ ਸਿੰਘ ਤੇ ਜਸਟਿਸ ਐੱਨ.ਕੋਟਿਸ਼ਵਰ ਸਿੰਘ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਵਿਚੋਂ ਦੋ ਜੱਜ (ਜਸਟਿਸ ਗਿਰਧਰ ਗੋਕਨੀ ਤੇ ਜਸਟਿਸ ਜਸਵੰਤ ਸਿੰਘ) ਇਸੇ ਮਹੀਨੇ ਅਗਲੇ ਦਿਨਾਂ ਵਿੱਚ ਸੇਵਾ ਮੁਕਤ ਹੋ ਰਹੇ ਹਨ।
ਗੁਜਰਾਤ ਹਾਈ ਕੋਰਟ ਦੀ ਸਭ ਤੋਂ ਸੀਨੀਅਰ ਜੱਜ ਜਸਟਿਸ ਸੋਨੀਆ ਗਿਰਧਰ ਗੋਕਨੀ ਨੂੰ ਇਸੇ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਅਹੁਦੇ ਦਾ ਹਲਫ਼ ਲੈਣ ਮਗਰੋੋਂ ਉਹ ਮੌਜੂਦਾ ਸਮੇਂ ਹਾਈ ਕੋਰਟ ਦੇ ਇਕੋ ਇਕ ਮਹਿਲਾ ਚੀਫ਼ ਜਸਟਿਸ ਹੋਣਗੇ। ਭਾਰਤ ਵਿੱਚ ਕੁੱਲ ਮਿਲਾ ਕੇ 25 ਹਾਈ ਕੋਰਟਾਂ ਹਨ। ਇਕ ਹੋਰ ਮਹਿਲਾ ਜੱਜ, ਜਸਟਿਸ ਸਬੀਨਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਹਨ। ਜਸਟਿਸ ਗੋਕਨੀ ਹਾਲਾਂਕਿ 25 ਫਰਵਰੀ ਨੂੰ 62 ਸਾਲ ਦੀ ਉਮਰ ਵਿੱਚ ਇਸ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਨੂੰ ਗੁਜਰਾਤ ਦੇ ਨਿਆਂਇਕ ਸੇਵਾ ਤੋਂ ਇਧਰ ਲਿਆਂਦਾ ਗਿਆ ਸੀ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰਕੇ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਕੌਲਿਜੀਅਮ ਨੇ ਪਿਛਲੇ ਹਫ਼ਤੇ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਕਰਦਿਆਂ ਕਿਹਾ ਸੀ, ”ਸਭ ਤੋਂ ਸੀਨੀਅਰ ਜੱਜ ਹੋਣ ਦੇ ਨਾਲ-ਨਾਲ, ਜਸਟਿਸ ਗੋਕਨੀ ਦੀ ਚੀਫ਼ ਜਸਟਿਸ ਵਜੋਂ ਨਿਯੁਕਤੀ ਨਾਲ ਇਹ ਭਾਵਨਾ ਆਏਗੀ ਕਿ ਚੀਫ਼ ਜਸਟਿਸ ਦੇ ਦਫ਼ਤਰ ਵਿੱਚ ਸੇਵਾਵਾਂ ਤੋਂ ਲਏ ਗਏ ਜੱਜਾਂ ਨੂੰ ਵੀ ਲੋੜੀਂਦੀ ਪ੍ਰਤੀਨਿਧਤਾ ਦਿੱਤੀ ਗਈ ਹੈ।” ਕੌਲਿਜੀਅਮ ਨੇ ਸਰਕਾਰ ਨੂੰ ਕਿਹਾ ਸੀ ਕਿ ਉਹ ‘ਫੌਰੀ’ ਜਸਟਿਸ ਗੋਕਨੀ ਨੂੰ ਚੀਫ਼ ਜਸਟਿਸ ਨਿਯੁਕਤ ਕਰੇ। ਇਸੇ ਤਰ੍ਹਾਂ ਜਸਟਿਸ ਜਸਵੰਤ ਸਿੰਘ, ਜੋ ਉੜੀਸਾ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ, ਨੂੰ ਤ੍ਰਿਪੁਰਾ ਹਾਈ ਕੋਰਟ ਦਾ ਚੀਫ਼ ਜਸਟਿਸ ਥਾਪਿਆ ਗਿਆ ਹੈ। ਜਸਟਿਸ ਸਿੰਘ ਨੇ 22 ਫਰਵਰੀ ਨੂੰ ਸੇਵਾਮੁਕਤ ਹੋਣਾ ਹੈ। ਜਸਟਿਸ ਇੰਦਰਜੀਤ ਮਹੰਤੀ ਦੀ ਸੇਵਾਮੁਕਤੀ ਕਰਕੇ ਤ੍ਰਿਪੁਰਾ ਹਾਈ ਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ ਖਾਲੀ ਸੀ। ਸੁਪਰੀਮ ਕੋਰਟ ਕੌਲਿਜੀਅਮ ਨੇ ਤ੍ਰਿਪੁਰਾ ਹਾਈ ਕੋਰਟ ਦੇ ਮੁਖੀ ਵਜੋਂ ਜਸਟਿਸ ਸਿੰਘ ਦੇ ਨਾਂ ਦੀ ਸਿਫਾਰਸ਼ 25 ਜਨਵਰੀ ਨੂੰ ਕੀਤੀ ਸੀ। ਕੌਲਿਜੀਅਮ ਨੇ ਇਸ ਤੋਂ ਪਹਿਲਾਂ ਜਸਟਿਸ ਸਿੰਘ ਨੂੰ ਉੜੀਸਾ ਹਾਈ ਕੋਰਟ ਦਾ ਜੱਜ ਲਾਉਣ ਦੀ ਸਿਫਾਰਸ਼ ਕੀਤੀ ਸੀ। ਹਾਲਾਂਕਿ ਮਗਰੋਂ ਇਹ ਸਿਫਾਰਸ਼ ਵਾਪਸ ਲੈ ਕੇ ਉਨ੍ਹਾਂ ਦਾ ਨਾਂ ਤ੍ਰਿਪੁਰਾ ਹਾਈ ਕੋਰਟ ਦੇ ਚੀਫ ਜਸਟਿਸ ਲਈ ਤਜਵੀਜ਼ ਕੀਤਾ ਗਿਆ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਸੇਵਾਮੁਕਤੀ ਉਮਰ ਕ੍ਰਮਵਾਰ 65 ਤੇ 62 ਸਾਲ ਹੈ। ਹੋਰਨਾਂ ਨਿਯੁਕਤੀਆਂ ਵਿੱਚ ਰਾਜਸਥਾਨ ਹਾਈ ਕੋਰਟ ਦੇ ਜੱਜ ਜਸਟਿਸ ਸੰਦੀਪ ਮਹਿਤਾ ਨੂੰ ਗੁਹਾਟੀ ਹਾਈ ਕੋਰਟ ਦਾ ਚੀਫ਼ ਜਸਟਿਸ ਜਦੋਂਕਿ ਗੁਹਾਟੀ ਹਾਈ ਕੋਰਟ ਦੇ ਜੱਜ ਜਸਟਿਸ ਐੱਨ.ਕੋਟਿਸਵਾਰ ਸਿੰਘ ਨੂੰ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ।