
ਦੇਸ਼ ਦੀ ਵੰਡ ਵੇਲੇ ਅਸਲ ਵੰਡ ਸਿਰਫ ਪੰਜਾਬ ਤੇ ਬੰਗਾਲ ਦੀ ਹੋਈ ਜਿਹਨਾਂ ਸੂਬਿਆਂ ਦੇ ਲੋਕਾਂ ਨੂੰ ਹਿਜਰਤ ਕਰਨ ਲਈ ਮਜ਼ਬੂਰ ਹੋਣਾ ਪਿਆ।ਪੰਜਾਬ ਦੀ ਵੰਡ ਤਾਂ ਇੰਨੀ ਭਿਆਨਕ ਸੀ ਕਿ ਇੱਕ ਕਰੋੜ ਲੋਕਾਂ ਨੂੰ ਹਿਜਰਤ ਕਰਨੀ ਪਈ ਤੇ 10 ਲੱਖ ਲੋਕਾਂ ਦਾ ਕਤਲੇਆਮ ਉਸ ਵੇਲੇ ਹੋਇਆ ਜਦੋਂ ਕੁਰਸੀਆਂ ਦੇ ਭੁੱਖੇ ਲੋਕ ਦਿੱਲੀ ਵਿੱਚ ਅਖੋਤੀ ਅਜ਼ਾਦੀ ਦੇ ਜ਼ਸ਼ਨ ਮਨਾ ਰਹੇ ਸਨ। ਮਹਾਤਮਾ ਗਾਂਧੀ ਤੇ ਪੰਡਤ ਜਵਾਹਰ ਲਾਲ ਨਹਿਰੂ ਵਰਗੇ ਲਾਲ ਕਿਲੇ੍ ਤੇ ਤਿਰੰਗਾ ਝੁਲਾ ਕੇ ਖੁਸ਼ੀਆਂ ਮਨਾ ਰਹੇ ਸਨ ਤੇ ਇੱਕ ਦੂਜੇ ਨੂੰ ਵਧਾਈਆ ਦੇਣ ਦਾ ਨਾਲ ਨਾਲ ਲੱਡੂ ਖਾ ਰਹੇ ਸਨ। ਜੇਕਰ ਅਜ਼ਾਦੀ ਸਿਰਫ ਦੋ ਸਾਲ ਹੋਰ ਅੱਗੇ ਪੈ ਜਾਂਦੀ ਤਾਂ ਸ਼ਾਇਦ ਇਹ ਵੰਡ ਨਾ ਹੁੰਦੀ ਤੇ ਅਜ਼ਾਦੀ ਦੇ ਜਸ਼ਨ ਸਮੁੱਚਾ ਦੇਸ਼ ਇਕੱਠਿਆ ਹੋ ਕੇ ਮਨਾਉਦਾ ਜਿਸ ਦਾ ਰੰਗ ਕੁਝ ਹੋਰ ਹੀ ਹੁੰਦਾ।ਇਸ ਵੰਡ ਦਾ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ ਜਿਹਨਾਂ ਨੂੰ ਪਹਿਲਾਂ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆ ਦੇਣੀਆ ਪਈਆਂ ਤੇ ਕਾਲੇ ਪਾਣੀ ਦੀਆਂ ਜੇਲਾਂ ਕੱਟਣੀਆ ਪਈਆਂ ਪਰ ਅੱਜ ਉਸ ਸੈਲੂਲਰ ਜੇਲ੍ਹ ਦਾ ਨਾਮ ਅਜ਼ਾਦੀ ਦੇ ਭਗੌੜਿਆ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ।
ਅਜ਼ਾਦੀ ਤੋ ਬਾਅਦ ਜਿਹੜਾ ਸੁਫਨਾ ਸ਼ਹੀਦਾਂ ਨੇ ਆਪਣੇ ਸੀਨਿਆ ਵਿੱਚ ਸਮੋਇਆ ਸੀ ਉਹ “ਫੁਰਰ” ਹੋ ਗਿਆ। ਅਜ਼ਾਦੀ ਦੀ ਲੜਾਈ ਵਿੱਚ ਸਭ ਤੋ ਵੱਧ ਹਿੱਸਾ ਪਾਉਣ ਵਾਲੇ ਸਿੱਖਾਂ ਨਾਲ ਅੱਜ ਦੀ ਹਕੂਮਤ ਨੇ ਕੀਤੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ ਸਗੋ ਸਿੱਖਾਂ ਦਾ ਅਜਾਦੀ ਦੇ ਬਾਅਦ ਜ਼ਰਾਇਮ ਪੇਸ਼ਾ ਕਹਿ ਤ੍ਰਿਸਕਾਰ ਕੀਤਾ ਗਿਆ ਤੇ ਕਦੇ ਅੱਤਵਾਦੀ, ਕਦੇ ਵੱਖਵਾਦੀ ਤੇ ਕਦੇ ਖਾਲਿਸਤਾਨੀ ਕਹਿ ਕੇ ਭੰਡਣ ਦੇ ਨਾਲ ਨਾਲ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ। ਸਿੱਖ ਜੂਨ ਨਾ 1984 ਤੇ ਨਾ ਹੀ ਨਵੰਬਰ 1984 ਨੂੰ ਭੁੱਲ ਸਕਦੇ ਹਨ।ਜਿਹੜਾ 1984 ਤੋਂ ਬਾਅਦ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਉਸ ਲਈ ਜਿਥੇ ਕੇਂਦਰ ਦੀਆਂ ਸਰਕਾਰਾਂ ਜਿੰਮੇਵਾਰ ਰਹੀਆ ਹਨ ਉਥੇ ਸਿੱਖ ਲੀਡਰਸ਼ਿਪ ਵੀ ਬਰਾਬਰ ਦੀ ਜਿੰਮੇਵਾਰ ਰਹੀ ਹੈ।ਦੇਸ਼ ਦੀ ਵੰਡ ਵੇਲੇ ਵੀ ਜੇਕਰ ਸਿੱਖ ਲੀਡਰ ਆਪਣੇ ਨਿੱਜੀ ਸੁਆਰਥਾਂ ਦੀ ਖਾਤਰ ਅਸਵਾਂਵੇ ਸਮਝੌਤੇ ਨਾ ਕਰਦੇ ਤਾਂ ਸਿੱਖਾਂ ਦਾ ਧਾਰਮਿਕ, ਰਾਜਸੀ, ਸਮਾਜਿਕ ਤੇ ਸਭਿਆਚਾਰਕ ਨੁਕਸਾਨ ਨਾ ਹੁੰਦਾ ਅਤੇ ਸਿੱਖਾਂ ਦਾ ਆਪਣਾ ਘਰ ਹੁੰਦਾ।ਸਿੱਖਾਂ ਦੀ ਲੜਾਈ ਅਜ਼ਾਦੀ ਦੀ ਨਹੀਂ ਸਗੋਂ ਸਿੱਖ ਰਾਜ ਦੀ ਬਹਾਲੀ ਦੀ ਸੀ ਪਰ ਪਤਾ ਨਹੀਂ ਕਿਵੇਂ ਇਹ ਲੜਾਈ ਅਜ਼ਾਦੀ ਦੀ ਲੜਾਈ ਵਿੱਚ ਤਬਦੀਲ ਹੋ ਗਈ ਸਿੱਖ ਉਜੜ ਪੁਜੜ ਗਏ, ਫਾਂਸੀਆ ਤੇ ਚੜਾਏ ਗਏ।ਦੇਸ਼ ਦੀ ਵੰਡ ਵੇਲੇ ਸਿੱਖਾਂ ਦੇ ਕਰੀਬ 177 ਗੁਰਧਾਮ ਪਾਕਿਸਤਾਨ ਵਿੱਚ ਰਹਿ ਗਏ ਜਿਹੜੇ ਅੱਜ ਸੇਵਾ ਸੰਭਾਲ ਨਾ ਹੋਣ ਕਾਰਨ ਇੱਕ ਇੱਕ ਕਰਕੇ ਨੇਸਤੋਨਬੂਦ ਹੋ ਰਹੇ ਹਨ ਪਰ ਸਾਡੀ ਲੀਡਰਸ਼ਿਪ ਕੋਲ ਤਾਂ ਇੱਕ ਬਿਆਨ ਦਾਗ਼ ਕੇ ਇਸ ‘ਤੇ ਅਫਸੋਸ ਪ੍ਰਗਟ ਕਰਨ ਦਾ ਵੀ ਸਮਾਂ ਨਹੀ ਹੈ , ਸਿਰਫ ਕੁਰਸੀ ਦੇ ਹੀ ਰੰਗੀਨ ਸੁਫਨੇ ਵੇਖਣੇ ਆੳੇੁਦੇ ਹਨ।
ਫਰਵਰੀ 1921 ਵਿੱਚ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ ਤੇ ਉਸ ਕਮੇਟੀ ਦੀ ਪਹਿਲੀ ਲਿਸਟ ਅਨੁਸਾਰ ਸਿੱਖਾਂ ਦੇ 241 ਇਤਿਹਾਸਕ ਗੁਰਦੁਆਰਿਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ।ਇਸ ਲਿਸਟ ਅਨੁਸਾਰ ਅੱਜ 68 ਗੁਰਦੁਆਰੇ ਚੜ੍ਹਦੇ ਪੰਜਾਬ ਵਿੱਚ ਤੇ 177 ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਹਨ।ਇਹਨਾਂ ਤੋਂ ਇਲਾਵਾ ਦੂਜੀ ਸੂਚੀ ਵਿੱਚ 116 ਅਖਾੜੇ ਤੇ ਡੇਰੇ ਵੀ ਸ਼ਾਮਲ ਕੀਤੇ ਗਏ। ਇਹਨਾਂ ਨੂੰ ਗੁਰਦੁਆਰੇ ਨਹੀਂ ਮੰਨਿਆ ਗਿਆ ਸੀ ਪਰ ਸਿੱਖਾਂ ਦੀ ਧੁਰੋਧਰ ਨਾਲ ਇਹ ਜਰੂਰ ਜੁੜੇ ਹੋਏ ਹਨ।
15 ਨਵੰਬਰ 1920 ਨੂੰ ਭਾਂਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ ਸੀ ਪਰ ਤੱਤਕਾਲੀ ਸਰਕਾਰ ਆਪਣਾ ਏਜੰਡਾ ਪੇਸ਼ ਕਰਨਾ ਚਾਹੁੰਦੀ ਸੀ। ਸਰਕਾਰ ਨੇ ਸਿੱਖ ਗੁਰਦੁਆਰਾ ਐਕਟ 1925 ਹੋਂਦ ਵਿੱਚ ਲਿਆਂਦਾ ਤੇ ਉਸ ਐਕਟ ਨੂੰ ਸਰਕਾਰ ਨੇ ਆਪਣੇ ਅਧੀਨ ਰੱਖਿਆ ਜਿਸ ਐਕਟ ਦੇ ਖਰੜੇ ‘ਤੇ ਪੜੇ ਲਿਖੇ ਸਿੱਖ ਦਸਤਖਤ ਕਰਨ ਲਈ ਤਿਆਰ ਨਹੀਂ ਸਨ ਪਰ ਬਹੁਤੇ ਸਿੱਖਾਂ ਵੱਲੋਂ ਦਸਤਖਤ ਕਰਨ ਦੇਣ ਨਾਲ ਇਸ ਸਰਕਾਰੀ ਐਕਟ ਨੂੰ ਪ੍ਰਵਾਨਗੀ ਮਿਲ ਗਈ।1920 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਤਾਂ ਉਸ ਵੇਲੇ ਵੀ ਮੋਹਤਬਰ ਅੰਗਰੇਜ਼ ਸਰਕਾਰ ਦੇ ਟਾਊਟ ਸਿੱਖੀ ਭੇਸ ਵਿੱਚ ਅੱਗੇ ਸਨ ਤੇ ਅੰਗਰੇਜਾਂ ਨੇ ਇਸ ਕਮੇਟੀ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਲਈ ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਨੂੰ ਹੀ ਬਣਾਇਆ ਦੀ ਜਿਸ ਦੇ ਘਰ ਵਿੱਚ ਜਲ੍ਹਿਆਵਾਲੇ ਬਾਗ ਦੇ ਸਾਕੇ ਨੂੰ ਅੰਜ਼ਾਮ ਦੇਣ ਵਾਲੇ ਜਨਰਲ ਡਾਇਰ ਨੇ ਰਾਤ ਖਾਣਾ ਸਰਕਾਰ ਦੇ ਇਸ ਸਰਬਰਾਹ ਦੇ ਘਰ ਵਿੱਚ ਖਾਧਾ ਤੇ ਜਨਰਲ ਡਾਇਰ ਵੱਲੋਂ ਕੀਤੇ ਗਏ ਕਾਂਡ ਦੀ ਤਾਰੀਫ ਕੀਤੀ ਤੇ ਮੁਰਗ ਮੁਸੱਲਮ ਵੀ ਖੂਬ ਚੱਲਿਆ।ਕਹਿਣ ਵਾਲੇ ਤਾਂ ਇਸ ਤੋੋਂ ਅੱਗੇ ਜਾ ਕੇ ਬੜਾ ਕੁਝ ਕਹਿੰਦੇ ਹਨ ਜਿਸ ਦਾ ਜ਼ਿਕਰ ਇਥੇ ਕਰਨਾ ਮੁਨਾਸਿਬ ਨਹੀ।ਇਹ ਵੀ ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਵਿੱਚ ਪਾੜਾ ਪਾਉਣ ਦੀ ਅੰਗਰੇਜ਼ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ ਸੀ। ਸ਼੍ਰੋਮਣੀ ਕਮੇਟੀ ਦੀ ਪ੍ਰਾਪਤੀ ਲਈ ਇੱਕ ਵੀ ਕੁਰਬਾਨੀ ਨਹੀਂ ਹੋਈ ਤੇ ਨਾ ਹੀ ਕਿਸੇ ਨੂੰ ਜੇਲ੍ਹ ਜਾਣਾ ਪਿਆ।
ਵੰਡ ਤੋ ਬਾਅਦ ਚੜ੍ਹਦੇ ਪੰਜਾਬ ਵਿੱਚ ਆਏ 68 ਗੁਰਦੁਆਰਿਆਂ ਦਾ ਸਿੱਖਾਂ ਨੇ ਕਾਇਆ ਕਲਪ ਕਰ ਦਿੱਤੀ ਤੇ ਉਹਨਾਂ ਦੀ ਦਿੱਖ ਅੱਜ ਦੂਰੋ ਗੁਰੁ ਘਰ ਹੋਣ ਦੀ ਸ਼ਾਹਦੀ ਭਰਦੀ ਹੈ ਪਰ ਲਹਿੰਦੇ ਪੰਜਾਬ ਵਿੱਚ ਗੁਰਦੁਆਰੇ ਅੱਜ ਇੱਕ ਇੱਕ ਕਰਕੇ ਖੰਡਰ ਬਣ ਰਹੇ ਹਨ। ਭਾਰੀ ਮੀਂਹ ਕਾਰਨ ਪਹਿਲ਼ਾਂ ਗੁਰੁ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਦਾ ਇੱਕ ਹਿੱਸਾ ਢਹਿ ਢੇਰੀ ਹੋ ਗਿਆ ਤੇ ਫਿਰ ਹੁਣ ਪੰਜਾਬ ਦੇ ਕਸੂਰ ਜਿਲ੍ਹੇ ਦੀ ਤਹਿਸੀਲ ਲਲਿਆਨੀ ਦੇ ਨੇੜੇ ਪਿੰਡ ਦਫਤੂ ਵਿੱਚ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਗੁਰਦੂਆਰਾ ਝਾੜੀ ਸਾਹਿਬ ਦੇ ਇੱਕ ਹਿੱਸੇ ਦੇ ਢਹਿ ਜਾਣ ਦੀ ਖਬਰ ਨੇ ਸਿੱਖਾਂ ਦੇ ਹਿਰਦਿਆ ਨੂੰ ਵਲੂੰਧਰ ਕੇ ਰੱਖ ਦਿੱਤਾ।ਕਨੇਡਾ ਦੇ ਟਰਾਂਟੋ ਤੋਂ ਪਿਛਲੇ 27 ਸਾਲਾਂ ਤੋ ਚੱਲਦੇ ਰੰਗਲਾ ਪੰਜਾਬ ਰੇਡੀਓ ਤੇ ਟੀ ਵੀ ਦੇ ਐਮ ਡੀ ਦਿਲਬਾਗ ਚਾਵਲਾ ਦੀ ਹਾਲਤ ਤਾਂ ਇਹ ਸੀ ਕਿ ਉਹ ਆਪਣੀ ਸਾਰੀ ਸੰਪਤੀ ਲਗਾ ਕੇ ਵੀ ਇਸ ਗੁਰਦੁਆਰੇ ਨੂੰ ਮੁੜ ਉਸੇ ਸ਼ਕਲ ਵਿੱਚ ਖੜਾ ਕਰਨ ਲਈ ਕਾਹਲੇ ਨਜ਼ਰ ਆਏ ਪਰ ਸਾਡੀਆਂ ਸਰਹੱਦੀ ਲਕੀਰਾਂ ਕਾਰਨ ਉਹ ਬੇਬਸ ਹਨ।ਇਹ ਗੁਰਦੁਆਰਾ ਸਿਰਫ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨਾਲ ਹੀ ਜੁੜਿਆ ਨਹੀ ਹੈ ਸਗੋ ਇਸ ਦਾ ਸਬੰਧ ਉਸ ਬਾਬਾ ਬੁਲੇ੍ਹ ਸ਼ਾਹ ਨਾਲ ਵੀ ਜੁੜਦਾ ਹੈ ਜਿਹੜਾ ਰੱਬ ਬਾਰੇ ਕਹਿੰਦਾ ਸੀ ਕਿ “ਬੁਲ੍ਹਿਆ ਰੱਬ ਦਾ ਕੀ ਪਾਉਣਾ ਇਧਰੋ ਪੁੱਟਣਾ ਤੇ ਇਧਰ ਲਾਉਣਾ” ਕਹਿ ਕੇ ਰੱਬ ਦੀ ਤਸ਼ਬੀਹ ਦਿੰਦਾ ਹੈ।ਬਾਬਾ ਬੁਲ੍ਹੇ ਸ਼ਾਹ ਜਿਸ ਪਿੰਡ ਪੰਡੋਕੀ ਦੇ ਵਸਨੀਕ ਸਨ ਉਥੋਂ ਦੇ ਚੌਧਰੀ ਬਾਬਾ ਬੁਲੇ੍ਹ ਸ਼ਾਹ ਦੀ ਇਨਕਲਾਬੀ ਸੋਚ ਤੋਂ ਬਹੁਤ ਦੁੱਖੀ ਸਨ ਤੇ ਬਾਬਾ ਬੁਲ੍ਹੇ ਸ਼ਾਹ ਨੂੰ ਉਹਨਾਂ ਨੇ ਜਦੋਂ ਪਿੰਡ ਵਿੱਚੋਂ ਕੱਢ ਦਿੱਤਾ ਗਿਆ ਤਾਂ ਬਾਬਾ ਬੁਲ੍ਹੇ ਸ਼ਾਹ ਨੇ ਇਸ ਗੁਰਦੁਆਰੇ ਵਿੱਚ ਉਸ ਸਮੇਂ ਪਨਾਹ ਲਈ ਸੀ।ਇਸ ਕਰਕੇ ਸਿੱਖਾਂ ਦੇ ਧਾਰਮਿਕ ਅਕੀਦੇ ਨਾਲ ਇਸ ਗੁਰਦੁਆਰੇ ਦੇ ਜੁੜੇ ਹੋਣ ਤੋਂ ਇਲਾਵਾ ਮੁਸਲਮਾਨਾਂ ਦੀ ਧਾਰਣਾ ਨਾਲ ਵੀ ਇਸ ਦਾ ਇਤਿਹਾਸ ਜੁੜਦਾ ਹੈ।
ਪਾਕਿਸਤਾਨ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਉਥੇ ਸਿੱਖ ਇੰਨੇ ਅਮੀਰ ਨਹੀਂ ਹਨ ਸਗੋ ਥੋੜੀ ਕਮਾਈ ਵਾਲੇ ਕਿਰਤੀ ਸਿੱਖ ਹਨ।40 ਕੁ ਸਾਲ ਪਹਿਲਾਂ ਇੱਕ ਯੂ ਕੇ ਦੇ ਸਿੱਖ ਸੁਰਜੀਤ ਸਿੰਘ ਪਨੇਸਰ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਿਆ ਸੀ ਤੇ ਤੱਤਕਾਲੀ ਫੌਜੀ ਰਾਸ਼ਟਰਪਤੀ ਜਿਆ ਉਲ ਹੱਕ ਨਾਲ ਮਿਲ ਕੇ ਸੇਵਾ ਸੂਰੂ ਕੀਤੀ ਪਰ ਉਹਨਾਂ ਦੀ ਸੇਵਾ ਵੀ ਸਿਰਫ ਸ਼ਹਿਰੀ ਖੇਤਰ ਤੱਕ ਹੀ ਸੀਮਤ ਰਹੀ ਜਿਸ ਕਰਕੇ ਪੇਂਡੂ ਖੇਤਰ ਦੇ ਗੁਰਦੁਅਰਿਆਂ ਤੱਕ ਉਹ ਵੀ ਨਾ ਪਹੁੰਚ ਸਕੇ।ਪਿਛਲੇ ਸਮੇਂ ਦੌਰਾਨ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬਣੇ ਤਾਂ ਉਹਨਾਂ ਨੇ ਕਰਤਾਪੁਰ ਦਾ ਲ਼ਾਂਘਾ ਜਿਹੜਾ ਸਾਡੀ ਬੜੀ ਚਿਰੋਕਣੀ ਮੰਗ ਸੀ ਖੋਹਲਣ ਦਾ ਸੁਨੇਹਾ ਆਪਣੇ ਦੋਸਤ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਰਾਹੀ ਭੇਜਿਆ ਜਿਥੇ ਪਾਕਿਸਤਾਨ ਦੇ ਚੌਧਰੀ ਡੰਗਰ ਬੰਨਦੇ ਸਨ ਉਹ ਖਾਲੀ ਕਰਵਾ ਕੇ ਪਾਕਿਸਤਾਨ ਸਰਕਾਰ ਨੇ ਉਸ ਗੁਰਧਾਮ ਦੀ ਕਾਇਆ ਕਲਪ ਕਰ ਦਿੱਤੀ ਤੇ ਅੱਜ ਡੇਰਾ ਬਾਬਾ ਨਾਨਕ ਤੋ ਸਰਹੱਦ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਅਨੇਕਾਂ ਸਿੱਖ ਹਰ ਰੋਜ਼ ਦਰਸ਼ਨਾਂ ਲਈ ਜਾਂਦੇ ਹਨ।ਇਸ ਗੁਰਦੁਆਰੇ ਬਾਰੇ ਵੀ ਇਕ ਕਹਾਣੀ ਆਮ ਦੱਸੀ ਜਾਂਦੀ ਹੈ ਕਿ ਗੁਰੁ ਨਾਨਕ ਪਾਤਸ਼ਾਹ ਪੱਖੋ ਕੇ ਪਿੰਡ ਵਿੱਚ ਅਕਸਰ ਜਾਇਆ ਆਇਆ ਕਰਦੇ ਸਨ ਤੇ ਇਸ ਪਿੰਡ ਵਿੱਚ ਦੋ ਸਕੇ ਭਰਾ ਗੁਰੁ ਘਰ ਦੇ ਅਨਿਨ ਭਗਤ ਰਹਿੰਦੇ ਸਨ।ਦੋਹਾਂ ਦਾ ਪਰਿਵਾਰ ਵੱਖ ਵੱਖ ਸੀ ਤੇ ਭਰਾਵਾਂ ਦਾ ਖੇਤੀਬਾੜੀ ਦਾ ਧੰਦਾ ਇਕੱਠਾ ਸੀ।ਦੋਵਾਂ ਭਰਾਵਾਂ ਦਾ ਆਪਸੀ ਪਿਆਰ ਇੰਨਾ ਸੀ ਕਿ ਕੋਈ ਤਰਕ ਨਾ ਕਰਦਾ ਤੇ ਇੱਕ ਦੂਜੇ ਦੇ ਆਗਿਆਕਾਰ ਬਣ ਕੇ ਰਹਿੰਦੇ।ਖੇਤੀਬਾੜੀ ਸਂਝੀ ਸੀ ਤੇ ਫਸਲ ਦੀ ਕੱਟਾਈ ਤੇ ਗਹਾਈ ਤੋ ਬਾਅਦ ਜਦੋਂ ਵੰਡ ਕਰਨ ਦੀ ਵਾਰੀ ਆਈ ਤਾਂ ਦੋਵੇ ਭਰਾਵਾਂ ਦੋ ਢੇਰੀਆਂ ਬਣਾ ਕੇ ਵੰਡ ਕਰ ਲਈ। ਵੰਡ ਕਰਨ ਤੋਂ ਛੋਟਾ ਭਰਾ ਵੱਡੇ ਭਰਾ ਨੂੰ ਕਹਿੰਦਾ ਕਿ ਮੈਂ ਫਸਲ ਦੀ ਰਾਖੀ ਕਰਦਾ ਹਾਂ ਤੇ ਉਹ ਘਰੋਂ ਜਾ ਕੇ ਅੰਨ ਪਾਣੀ ਛੱਕ ਆਵੇ। ਵੱਡਾ ਭਰਾ ਜਦੋਂ ਅੰਨ ਪਾਣੀ ਛੱਕਣ ਪਿੰਡ ਜਾਂਦਾ ਹੈ ਤਾਂ ਛੋਟਾ ਭਰਾ ਸੋਚਦਾ ਹੈ ਕਿ ਮੇਰੇ ਵੱਡੇ ਭਰਾ ਦਾ ਪਰਿਵਾਰ ਵੱਡਾ ਹੈ ਤੇ ਮੇਰਾ ਵੀ ਕੋਈ ਫਰਜ਼ ਬਣਦਾ ਹੈ ਕਿ ਉਸਦੀ ਮਦਦ ਕੀਤੀ ਜਾਵੇ ।ਛੋਟਾ ਭਰਾ ਆਪਣੀ ਢੇਰੀ ਤੋਂ ਕੁਝ ਅਨਾਜ਼ ਚੁੱਕਦਾ ਹੈ ਤੇ ਵੱਡੇ ਭਰਾ ਦੀ ਢੇਰੀ ਤੇ ਰੱਖ ਦਿੰਦਾ ਹੈ। ਵੱਡਾ ਭਰਾ ਜਦੋਂ ਵਾਪਸ ਆਉਦਾ ਹੈ ਤਾਂ ਛੋਟਾ ਭਰਾ ਅੰਨ ਪਾਣੀ ਛੱਕਣ ਘਰ ਨੂੰ ਚਲਾ ਜਾਂਦਾ ਹੈ ਤਾਂ ਵੱਡੇ ਭਰਾ ਦੇ ਮਨ ਵਿੱਚ ਆਉਦਾ ਹੈ ਕਿ ਮੇਰਾ ਛੋਟਾ ਭਰਾ ਹੈ ਤੇ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਉਸਦੀ ਕੋਈ ਮਦਦ ਕਰਾਂ ਤੇ ਉਹ ਆਪਣੀ ਢੇਰੀ ਤੋਂ ਕੁਝ ਅਨਾਜ ਚੁੱਕਦਾ ਹੈ ਤੇ ਛੋਟੇ ਭਰਾ ਦੀ ਢੇਰੀ ਤੇ ਪਾ ਦਿੰਦਾ ਹੈ। ਹੋਲੀ ਹੋਲੀ ਜਦੋਂ ਇਹ ਗੱਲ ਖੁੱਲਦੀ ਹੈ ਤਾਂ ਗੁਰੁ ਨਾਨਕ ਪਾਤਸ਼ਾਹ ਬਹੁਤ ਪ੍ਰਸੰਨ ਹੁੰਦੇ ਹਨ ਤੇ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਿਆ ਜੇਕਰ ਕਰਤਾਰ ਵੱਸਦਾ ਵੇਖਣਾ ਹੋਵੇ ਤੇ ਇਸੇ ਧਰਤੀ ‘ਤੇ ਹੀ ਵੇਖਿਆ ਜਾ ਸਕਦਾ ਹੈ ਤੇ ਆਪਾ ਇਥੇ ਕਰਤਾਰਪੁਰ ਨਾਮ ਦਾ ਇਕ ਨਗਰ ਵਸਾਵਾਂਗੇ। ਗੁਰੁ ਸਾਹਿਬ ਇਸ ਨਗਰ ਦੀ ਨੀਂਹ ਆਪਣੇ ਕਰ ਕਮਲਾਂ ਨਾਲ ਰੱਖੀ ਸੀ।ਅੱਜ ਇਹ ਇਤਿਹਾਸਕ ਅਸਥਾਨ ਕਾਫੀ ਸੁੰਦਰ ਬਣਾ ਦਿੱਤਾ ਗਿਆ ਹੈ।
2013 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੱਤਕਾਲੀ ਪ੍ਰਧਾਨ ਬਾਪੂ ਸ਼ਾਮ ਸਿੰਘ ਨੇ ਪੰਜਵੇਂ ਪਾਤਸ਼ਾਹ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਉਹਨਾਂ ਨੂੰ ਵੱਖਰੀ ਕਮੇਟੀ ਕਿਉਂ ਬਚਾਉਣੀ ਪਈ?ਬਾਪੂ ਸ਼ਾਮ ਸਿੰਘ ਨੇ ਕਿਹਾ ਕਿ “ਉਹ ਗੁਰੁ ਘਰ ਦੀ ਨਿਸ਼ਕਾਮ ਸੇਵਾ ਕਰਦੇ ਹਨ ਤੇ ਜਦੋਂ ਵੀ ਜੱਥਾ ਸ਼੍ਰੋਮਣੀ ਕਮੇਟੀ ਵਾਲੇ ਲੈ ਕੇ ਆਉਦੇ ਤਾਂ ਉਹ ਆਪਣੀ ਟੀਮ ਨਾਲ ਸੇਵਾ ਵਿੱਚ ਜੁੱਟ ਜਾਂਦੇ।ਇੱਕ ਵਾਰੀ 1999 ਵਿੱਚ ਜਦੋਂ ਜੱਥਾ ਆਇਆ ਤਾਂ ਪ੍ਰਬੰਧਕਾਂ ਨੂੰ ਉਹਨਾਂ ਨੇ ਨਨਕਾਣਾ ਸਾਹਿਬ ਦੇ ਮੁੱਖ ਅਸਥਾਨ ਦੇ ਗੁੰਬਦ ਦੀ ਹਾਲਤ ਬਿਆਨ ਕੀਤੀ ਕਿ ਬਾਰਸ਼ਾਂ ਦੇ ਵਿੱਚ ਇਹ ਗੁੰਬਦ ਚੋਣ ਲੱਗ ਪੈਦਾ ਹੈ ਤੇ ਇਸ ਦੀ ਮੁਰੰਮਤ ਦੀ ਤੁਰੰਤ ਲੋੜ ਹੈ ਤਾਂ ਜੱਥੇ ਵਾਲਿਆਂ ਨੇ ਕੋਈ ਉੱਤਰ ਨਾ ਦਿੱਤਾ ਜਦੋਂ ਗੋਲਕ ਗਿਣਨ ਦੀ ਗੱਲ ਕੀਤੀ ਗਈ ਤਾਂ ਸ਼੍ਰੋਮਣੀ ਕਮੇਟੀ ਵਾਲੇ ਕਹਿਣ ਲੱਗੇ ਕਿ ਉਹ ਤਾਂ ਆਏ ਹੀ ਗੋਲਕ ਇਕੱਠੀ ਕਰਨ ਲਈ ਹਨ ਤੇ ਗੋਲਕ ਨਹੀਂ ਦੇ ਸਕਦੇ।ਬਾਪੂ ਸ਼ਾਮ ਸਿੰਘ ਅੱਗੇ ਦੱਸਦੇ ਹਨ ਕਿ ਜਦੋਂ ਗੋਲਕ ਗਿਣ ਕੇ ਨੋਟਾਂ ਦੀਆਂ ਬੋਰੀਆਂ ਭਰੀਆਂ ਜਾ ਰਹੀਆਂ ਤਾਂ ਮੇਰੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਨੀਰ ਉਸੇ ਤਰ੍ਹਾਂ ਹੀ ਵਹਿ ਰਿਹਾ ਸੀ ਜਿਸ ਤਰ੍ਹਾਂ ਬਾਰਸ਼ਾਂ ਵਿੱਚ ਗੁੰਬਦ ਵਿੱਚੋਂ ਬਰਸਾਤੀ ਪਾਣੀ ਤਿਰਪ ਤਿਰਪ ਵੱਗਦਾ ਸੀ।ਬਾਪੂ ਸ਼ਾਮ ਸਿੰਘ ਅੱਗੇ ਦੱਸਦੇ ਹਨ ਕਿ ਰਾਤ ਨੂੰ ਜਦੋਂ ਉਹ ਸੁੱਤੇ ਤਾਂ ਉਹਨਾਂ ਨੂੰ ਭਾਖਿਆ ਆਉਦੀ ਹੈ ਕਿ ਆਪਣੀ ਵੱਖਰੀ ਪ੍ਰਬੰਧਕ ਕਮੇਟੀ ਬਣਾ ਲਈ ਜਾਵੇ। ਸਵੇਰੇ ਉਠ ਕੇ ਜਦੋਂ ਉਹ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਉਹ ਕਹਿੰਦੇ ਕਿ ਜੇਕਰ ਸਿੱਖ ਸਮਾਜ ਨੂੰ ਪ੍ਰਵਾਨ ਹੈ ਤਾਂ ਫਿਰ ਕਮੇਟੀ ਬਣਾਉਣ ਲਈ ਉਹ ਸਹਿਯੋਗ ਕਰਨਗੇ।ਬੱਸ ਫਿਰ ਦਿਨਾਂ ਵਿੱਚ ਹੀ ਕਮੇਟੀ ਹੋਂਦ ਵਿੱਚ ਆ ਗਈ ਤੇ ਕੰਮ ਸ਼ੁਰੂ ਕਰ ਦਿੱਤਾ ਤੇ ਅਗਲੀ ਵਾਰੀ ਜਦੋਂ ਸ਼੍ਰੋਮਣੀ ਕਮੇਟੀ ਦਾ ਜੱਥਾ ਆਇਆ ਤਾਂ ਫਿਰ ਗੋਲਕ ਨੂੰ ਲੈ ਕੇ ਰੇੜਕਾ ਪੈ ਗਿਆ ਤੇ ਸ਼੍ਰੋਮਣੀ ਕਮੇਟੀ ਨੇ ਧਮਕੀ ਦਿੱਤੀ ਕਿ ਜੇਕਰ ਉਹਨਾਂ ਨੂੰ ਗੋਲਕ ਨਾ ਦਿੱਤੀ ਗਈ ਤਾਂ ਉਹ ਜੱਥਾ ਨਹੀਂ ਲੈ ਕੇ ਆਉਣਗੇ ਪਰ ਕਮੇਟੀ ਦੇ ਆਹੁਦੇਦਾਰਾਂ ਤੇ ਅਧਿਕਾਰੀਆ ਨੇ ਇਸ ਧਮਕੀ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਫਿਰ ਜਾ ਕੇ ਬਾਬੇ ਨਾਨਕ ਦੇ ਦਰਬਾਰ ਦੀ ਮੁਰੰਮਤ ਕਰਾਈ ਜਾ ਸਕੀ ਪਰ ਸ਼੍ਰੋਮਣੀ ਕਮੇਟੀ ਨੇ ਇੱਕ ਸਾਲ ਜਥੇ ਨਹੀ ਭੇਜੇ ਜਿਸ ਦੀ ਭਰਪਾਈ ਤੱਤਕਾਲੀ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਰ ਦਿੱਤੀ। ਉਹਨਾਂ ਕਿਹਾ ਕਿ ਅੱਜ ਬਹੁਤ ਸਾਰੇ ਗੁਰਧਾਮਾਂ ਦੀ ਕਾਇਆ ਕਲਪ ਕਰ ਦਿੱਤੀ ਗਈ ਹੈ।”
ਬਾਪੂ ਸ਼ਾਮ ਸਿੰਘ ਦੇ ਯਤਨਾਂ ਸਦਕਾ ਭਾਵੇਂ ਪਾਕਿਸਤਾਨ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਚੁੱਕੀ ਹੈ ਪਰ ਇਹ ਕਮੇਟੀ ਸਿਰਫ ਨਾਮ ਧਰੀਕ ਹੀ ਸਾਬਤ ਹੋਈ ਹੈ ਕਿਉਕਿ ਕਮੇਟੀ ਰਬੜ ਦੀ ਮੋਹਰ ਹੈ ਤੇ ਸਾਰੇ ਅਧਿਕਾਰ ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਕੋਲ ਹੀ ਹਨ ਜਿਹੜਾ ਗੁਰਧਾਮਾਂ ਦੀ ਸੇਵਾ ਸੰਭਾਲ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਰੱਖਦਾ ਤੇ ਇਸ ਟਰੱਸਟ ਦਾ ਕਦੇ ਵੀ ਕਿਸੇ ਸਿੱਖ ਨੂੰ ਮੁੱਖੀ ਨਹੀਂ ਲਗਾਇਆ ਗਿਆ।ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਕੋਈ ਕੌਮਾਂਤਰੀ ਪੱਧਰ ਦੀ ਜਥੇਬੰਦੀ ਹੋਂਦ ਵਿੱਚ ਆਉਣੀ ਚਾਹੀਦੀ ਹੈ ਜਿਹੜੀ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਤੇ ਹੋਰ ਪੰਥਕ ਸੰਸਥਾਵਾਂ ਨਾਲ ਮਿਲ ਕੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ ਆਰੰਭੇ ਤਾਂ ਕੁਝ ਗੁਰਧਾਮਾਂ ਨੂੰ ਬਚਾਇਆ ਜਾ ਸਕਦਾ ਹੈ ਨਹੀਂ ਤਾਂ ਫਿਰ ਸਹਿਜੇ ਸਹਿਜੇ ਜਿਥੇ ਇਹਨਾਂ ਗੁਰਧਾਮਾਂ ਦੇ ਦਰਸ਼ਨਾਂ ਤੋਂ ਸਿੱਖ ਵਾਂਝੇ ਤਾਂ ਹਨ ਤੇ ਛੇਤੀ ਇਹਨਾਂ ਗੁਰਧਾਮਾਂ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ ਤੇ ਇਹ ਨੇਸਤੋਨਬੂਦ ਹੋ ਜਾਣਗੇ।ਸਿੱਖ ਪੰਥ ਦੀ ਵਿਰਾਸਤ ਨੂੰ ਬਹੁਤ ਵੱਡਾ ਧੱਕਾ ਲਗੇਗਾ ਇਸ ਬਾਬੇ ਨਾਨਕ ਦਾ ਨਾਮ ਲੈ ਕੇ ਬਿਨਾਂ ਕਿਸੇ ਦੇਰੀ ਤੋਂ ਉਪਰਾਲੇ ਆਰੰਭ ਕਰ ਦੇਣੇ ਚਾਹੀਦੇ ਹਨ, ਕਰਤਾਰ ਭਲੀ ਕਰੇਗਾ।
Jasbir Singh Patti
Contact 09356024684