
ਪਨਬੱਸ ਤੇ ਪੀਆਰਟੀਸੀ ਵਿਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਮੁਕੰਮਲ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਦੇ ਵਿਰੋਧ ਵਿਚ ਇਹ ਚੱਕਾ ਜਾਮ ਕੀਤਾ ਜਾ ਰਿਹਾ ਹੈ। ਪੀਆਰਟੀਸੀ ਤੇ ਬਨਬੱਸ ਅੰਦਰ ਲਗਭਗ 7000 ਕੱਚੇ ਮੁਲਾਜ਼ਮ ਹਨ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਜਾ ਰਹੇ ਹਨ ਤੇ ਜਿਸ ਨਾਲ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੁਲਾਜ਼ਮਾਂ ਦੀਆਂ ਮੰਗਾਂ ਹਨ-ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਘੱਟ ਤਨਖਾਹ ਜਾਂ ਰਿਪੋਰਟ ਤੋ ਬਹਾਲ ਹੋਕੇ ਆਏ ਵਰਕਰਾਂ ਦੀ ਤਨਖਾਹ ’ਚ 2500 ਤੇ 30 ਫੀਸਦੀ ਵਾਧਾ ਤੇ 5 ਫੀਸਦੀ ਇੰਕਰੀਮੈਂਟ ਹਰ ਸਾਲ ਦਾ ਲਾਗੂ ਕਰਨਾ ਤੇ, ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕਰਨਾ ਤੇ ਨਜਾਇਜ ਕੰਡੀਸ਼ਨ ਲਾਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨਾ ਆਦਿ। ਇਨ੍ਹਾਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਨੇ ਦੱਸਿਆ ਕਿ ਪੀਆਰਟੀਸੀ ’ਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਟੈਂਡਰ ਕੱਢ ਕੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਦਾ ਯੂਨੀਅਨ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਮੁਲਾਜਮਾਂ ਦੀ ਮੰਗਾ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ ਜਿਸ ਤੋ ਸਿੱਧ ਹੁੰਦਾ ਹੈ ਕਿ ਸਰਕਾਰ ਦਾ ਆਪਣੇ ਵਿਭਾਗਾਂ ਦੇ ਅਧਿਕਾਰੀਆਂ ਤੇ ਕੰਟਰੋਲ ਨਹੀਂ ਹੈ।