
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਤੇ ਗੁਰੂ ਘਰ ਦੇ ਪ੍ਰੇਮੀ ਡਾ. ਗੁਰਵਿੰਦਰ ਸਿੰਘ ਸਮਰਾ ਵਿਚਾਲੇ ਵਿਵਾਦ ਦੇ ਚੱਲਦਿਆਂ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੇ ਜਥੇਦਾਰ ਗੌਹਰ ਦੀਆਂ ਸੇਵਾਵਾਂ ’ਤੇ 11 ਸਤੰਬਰ ਤਕ ਰੋਕ ਲਾ ਦਿੱਤੀ ਹੈ। ਡਾ. ਸਮਰਾ ਵੱਲੋਂ ਜਥੇਦਾਰ ਗੌਹਰ ’ਤੇ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗਿਆਨੀ ਗੌਹਰ ਦੇ ਕੰਮਕਾਜ ’ਤੇ 24 ਅਗਸਤ ਤਕ ਮੁਕੰਮਲ ਤੌਰ ਪਾਬੰਦੀ ਲਾ ਦਿੱਤੀ ਸੀ। ਸਮਰਾ 24 ਅਗਸਤ ਨੂੰ ਪੰਜ ਪਿਆਰੇ ਸਿੰਘਾਂ ਦੇ ਸਾਹਮਣੇ ਪੇਸ਼ ਨਹੀਂ ਹੋਏ ਤੇ ਇਸ ਮਾਮਲੇ ’ਤੇ ਸੁਣਵਾਈ ਲਈ ਹੁਣ 11 ਸਤੰਬਰ ਦੀ ਤਰੀਕ ਤੈਅ ਕੀਤੀ ਗਈ ਹੈ। ਉਸ ਸਮੇਂ ਤਕ ਜਥੇਦਾਰ ਗੌਹਰ ਦੀਆਂ ਸੇਵਾਵਾਂ ’ਤੇ ਰੋਕ ਰਹੇਗੀ।
ਇਹ ਸਵਾਲ ਬੱੁਧੀਜੀਵੀ ਵਰਗ ਦੇ ਨਾਲ-ਨਾਲ ਪੰਥ ਵਿਚ ਵੀ ਚਰਚਾ ਦਾ ਵਿਸ਼ਾ ਹੈ। ਇਹ ਮਾਮਲਾ ਪੰਥ ਵਿਚ ਇਕ ਨਵਾਂ ਸਵਾਲ ਲੈ ਕੇ ਆਇਆ ਹੈ ਕਿ ਪੰਜ ਪਿਆਰੇ ਸਿੰਘ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤਲਬ ਕਰਨ ਦਾ ਅਧਿਕਾਰ ਰਖਦੇ ਹਨ ਜਾਂ ਨਹੀਂ। ਅਤੀਤ ’ਚ ਸਾਲ 2015 ਵਿਚ ਜਦ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦੇਣ ਦਾ ਮਾਮਲਾ ਗਰਮਾਇਆ ਸੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਮ੍ਰਿਤ ਸੰਚਾਰ ਦੀ ਸੇਵਾ ਭਿਭਾਉਣ ਵਾਲੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਤਰਲੋਕ ਸਿੰਘ, ਭਾਈ ਮੰਗਲ ਸਿੰਘ ਤੇ ਭਾਈ ਮੇਜਰ ਸਿੰਘ ਨੇ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਆਦੇਸ਼ ਜਾਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਤਲਬ ਕਰਨ ਦਾ ਫ਼ੈਸਲਾ ਸੁਣਾਇਆ ਸੀ। ਉਸ ਸਮੇਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪੰਜ ਪਿਆਰੇ ਸਿੰਘਾਂ, ਗਿਆਨੀ ਰਜਿੰਦਰ ਸਿੰਘ, ਗਿਆਨੀ ਬਲਦੇਵ ਸਿੰਘ, ਗਿਆਨੀ ਦਲੀਪ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਨੂੰ ਨਾਲ ਲੈ ਕੇ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਸੀ ਕਿ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਪਿਆਰੇ ਸਿੰਘ ਤਖ਼ਤ ਦੇ ਜਥੇਦਾਰਾਂ ਨੂੰ ਤਲਬ ਕਰਨ ਦਾ ਅਧਿਕਾਰ ਹੀ ਨਹੀਂ ਰੱਖਦੇ। ਪਰ ਉਪਰੋਕਤ ਮਾਮਲੇ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਨੂੰ ਉਸੇ ਤਖ਼ਤ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰੇ ਸਿੰਘ ਤਖ਼ਤ ਦੇ ਆਪਣੇ ਹੀ ਫ਼ੈਸਲੇ ਦੇ ਖ਼ਿਲਾਫ਼ ਜਾ ਰਹੇ ਹਨ। ਇਨ੍ਹਾਂ ਪੰਜਾਂ ਵਿਚ ਤਿੰਨ ਨੇ ਗਿਆਨੀ ਗੌਹਰ ਦੇ ਕੰਮਕਾਰ ’ਤੇ ਰੋਕ ਲਾਈ ਹੈ, ਜਿਨ੍ਹਾਂ ’ਚ ਗਿਆਨੀ ਬਲਦੇਵ ਸਿੰਘ, ਗਿਆਨੀ ਦਲੀਪ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਸ਼ਾਮਲ ਹਨ।