
ਅਬੋਹਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਲੋਕ ਹੈਰਾਨ ਰਹਿ ਗਏ। ਇੱਥੋਂ ਦੇ ਖੂਈਆਂ ਸਰਵਰ ਬਲਾਕ ਦੇ ਪਿੰਡ ਬਕਣਵਾਲਾ ਵਿੱਚ ਚੱਕਰਵਾਤੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਤੂਫਾਨ ਨੇ 50 ਦੇ ਕਰੀਬ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਈ ਲੋਕ ਮਲਬੇ ਹੇਠ ਦੱਬ ਗਏ। ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਮਲਬੇ ਹੇਠ ਦੱਬੇ ਵਿਅਕਤੀਆਂ ਦੀ ਪਛਾਣ ਰਤਨ ਸਿੰਘ, ਸੋਹਣ ਸਿੰਘ, ਬਿਮਲਾ ਰਾਣੀ ਅਤੇ ਮਹਿੰਦਰ ਸਿੰਘ ਵਜੋਂ ਹੋਈ ਹੈ। ਇਹ ਸਾਰੇ ਲੋਕ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਦੂਜੇ ਪਾਸੇ ਕਿੰਨੂ ਦੇ ਬਾਗ ਉਖੜ ਗਏ। ਕਈ ਥਾਵਾਂ ਤੋਂ ਕੰਧਾਂ ਵੀ ਟੁੱਟ ਗਈਆਂ। ਤੂਫਾਨ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡ ਪੁੱਜੇ।

ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਝੱਖੜ ਕਾਰਨ 50 ਘਰਾਂ ਦਾ ਨੁਕਸਾਨ ਹੋਇਆ ਹੈ। ਜ਼ਿਆਦਾਤਰ ਘਰਾਂ ਦੀਆਂ ਛੱਤਾਂ ਉੱਖੜ ਗਈਆਂ ਹਨ। ਦਰੱਖਤ ਡਿੱਗਣ ਕਾਰਨ ਮਕਾਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਦੇ ਨਾਲ ਹੀ ਕਈ ਲੋਕ ਮਲਬੇ ਹੇਠ ਦੱਬ ਗਏ, ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ।