Uncategorized

ਪੰਜਾਬ ਪੁਲਿਸ ਦੇ 2 ਥਾਣੇਦਾਰਾਂ ਖਿਲਾਫ਼ FIR ਦਰਜ, ਪੜ੍ਹੋ ਪੂਰਾ ਮਾਮਲਾ

ਮਹਿਲਾ ਜੱਜ ਦੇ ਘਰ ਚੋਰੀ ਦੇ ਮਾਮਲੇ ਵਿਚ ਗੁਰਦਾਸਪੁਰ ਦੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ‌ਜੱਜ ਦੇ ਘਰ ਕੰਮ ਕਰਦੀ ਇੱਕ ਲੜਕੀ ਤੇ ਤਸ਼ੱਦਦ ਕਰਨ ਦੀ ਬਹੁਚਰਚਿਤ ਘਟਨਾ ਵਿੱਚ ਨਵਾਂ ਮੋੜ ਆਇਆ ਹੈ।

ਪੁਲਿਸ ਅਧਿਕਾਰੀਆਂ ਵੱਲੋਂ ਲੜਕੀ ਤੇ ਤਸ਼ੱਦਦ ਕਰਨ ਵਾਲੇ ਦੋ ਏ ਐਸ ਆਈਜ਼ ਮੰਗਲ ਸਿੰਘ ਅਤੇ ਅਸਵਨੀ ਕੁਮਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਮਾਮਲੇ ਵਿਚ ‌ਇਹਨਾਂ ਦੋ ਏ ਐਸ ਆਈਜ਼ ਤੋਂ ਇਲਾਵਾ ਥਾਨਾ ਸਿਟੀ ਗੁਰਦਾਸਪੁਰ ਦੇ ਤਤਕਾਲੀ ਐਸ ਐਚ ਓ ਗੁਰਮੀਤ ਸਿੰਘ ਅਤੇ ਜੱਜ ਦੀ ਸੁਰੱਖਿਆ ਵਿੱਚ ਤੈਨਾਤ ਸਰਵਣ ਸਿੰਘ ਪਹਿਲਾਂ ਹੀ ਮੁਅੱਤਲ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਾਮਲੇ ਦੀ ਵਿਭਾਗੀ ਜਾਂਚ ਵੀ ਐਸ ਪੀ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ।

ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਚੋਰੀ ਦੀ ਪੁੱਛ ਗਿੱਛ ਲਈ ਇਨ੍ਹਾਂ ਪੁਲਿਸ ਅਧਿਕਾਰੀਆਂ ਵੱਲੋਂ ਉਸ ਤੇ ਅਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਅਤੇ ਪੁਲਿਸ ਸਟੇਸ਼ਨ ਦੇ ਰਿਹਾਇਸ਼ੀ ਕੁਆਟਰਾਂ ਵਿੱਚ ਬਿਨਾ ਮਹਿਲਾ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਉਸਦੇ ਗੁਪਤ ਅੰਗਾਂ ਤੇ ਕਰੰਟ ਤੱਕ ਲਗਾਇਆ ਗਿਆ ਸੀ। ਮਮਤਾ ਨੂੰ ਹਸਪਤਾਲ ਵਿੱਚ ਦਾਖਲ ਕਰਨ ਵਾਲੇ ਡਾਕਟਰ ਰਾਜ ਮਸੀਹ ਨੇ ਐਮਐਲਆਰ ਵਿੱਚ ਵੀ ਜਿਕਰ ਕੀਤਾ ਸੀ ਕਿ ਪੀੜਿਤ ਲੜਕੀ ਮਮਤਾ ਦੇ ਸ਼ਰੀਰ ਦੇ ਵੱਖ-ਵੱਖ ਹਿੱਸਿਆਂ ਤੇ ਸੱਟਾਂ ਦੇ 13 ਨਿਸ਼ਾਨ ਪਾਏ ਗਏ ਹਨ।

ਮਾਮਲਾ ਮੀਡੀਆ ਵੱਲੋਂ ਉਛਾਲੇ ਜਾਣ ਤੇ ਲੜਕੀ ਦੇ ਹੱਕ ਵਿੱਚ ਕਈ ਕਿਸਾਨ ਅਤੇ ਈਸਾਈ ਸੰਗਠਨ ਆ ਕੇ ਖੜ੍ਹੇ ਹੋ ਗਏ ਸਨ। ਇਹਨਾਂ ਸੰਗਠਨਾਂ ਵੱਲੋਂ ਲੜਕੀ ਦੇ ਹੱਕ ਵਿੱਚ ਸਿਵਲ ਹਸਪਤਾਲ ਵਿੱਚ ਧਰਨਾ ਲਗਾ ਕੇ ਲੜਕੀ ਨੂੰ ਹਸਪਤਾਲ ਵਿੱਚ ਮੁੜ ਦਾਖਲ ਕਰਵਾਇਆ ਗਿਆ ਕਿਉਂਕਿ ਮਮਤਾ ਨੂੰ ਉਸਦੀ ਹਾਲਤ ਤੇ ਗੌਰ ਕੀਤੇ ਬਿਨਾਂ ਨਵੇਂ ਆਏ ਡਾਕਟਰ ਨੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਸੀ। ਲੜਕੀ ਹਜੇ ਤੱਕ ਹਸਪਤਾਲ ਵਿੱਚ ਇਲਾਜ ਅਧੀਨ ਦਾਖਲ ਹੈ।

ਦੂਜੇ ਪਾਸੇ ਕਿਸਾਨ ਅਤੇ ਇਸਾਈ ਸੰਗਠਨਾਂ ਵਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ 25 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ।

Leave a Reply

Your email address will not be published.

Back to top button