ਪੰਜਾਬ ਪੁਲਿਸ ਵਲੋਂ 10 ਗੈਰ-ਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ‘ਤੇ ਛਾਪੇਮਾਰੀ, ਗੈਂਗਸਟਰਾਂ, ਅਪਰਾਧੀ ਤੱਤਾਂ ਨਾਲ ਮਿਲੀਭੁਗਤ
Punjab Police raids 10 illegal immigration centers, collusion with gangsters and criminal elements

Punjab Police raids 10 illegal immigration centers, collusion with gangsters and criminal elements
ਪੰਜਾਬ ਪੁਲਿਸ ਵੱਲੋਂ ਜਾਰੀ ਆਪ੍ਰੇਸ਼ਨ ਪ੍ਰਹਾਰ-2 ਦੌਰਾਨ ਮਿਲੇ ਅਹਿਮ ਇਨਪੁੱਟ ਮਗਰੋਂ ਖੰਨਾ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਖ਼ਿਲਾਫ਼ ਵੱਡੀ ਅਤੇ ਸਖ਼ਤ ਕਾਰਵਾਈ ਕਰਦਿਆਂ 10 ਗੈਰ-ਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ‘ਤੇ ਇਕੱਠਿਆ ਛਾਪੇਮਾਰੀ ਕੀਤੀ। ਇਹ ਪੂਰੀ ਕਾਰਵਾਈ ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਸਪੱਸ਼ਟ ਹੁਕਮਾਂ ਅਤੇ ਮਜ਼ਬੂਤ ਅਗਵਾਈ ਹੇਠ ਅੰਜਾਮ ਦਿੱਤੀ ਗਈ। ਇਸ ਵੱਡੀ ਕਾਰਵਾਈ ਨਾਲ ਗੈਰਕਾਨੂੰਨੀ ਤਰੀਕਿਆਂ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਗਿਰੋਹਾਂ ਵਿੱਚ ਹੜਕੰਪ ਮਚ ਗਿਆ ਹੈ
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ “ਖੰਨਾ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ-2 ਦੌਰਾਨ ਅਹਿਮ ਇਨਪੁੱਟ ਮਿਲੀ ਸੀ ਜਿਸ ਮਗਰੋਂ ਇਹ ਮੁਹਿੰਮ ਛੇੜੀ ਗਈ। ਸ਼ੁਰੂਆਤੀ ਜਾਂਚ ਦੌਰਾਨ 10 ਇਮੀਗ੍ਰੇਸ਼ਨ ਸੈਂਟਰਾਂ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਪਾਇਆ ਗਿਆ ਹੈ, ਜਿਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਕੁੱਝ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਗੈਂਗਸਟਰਾਂ ਅਤੇ ਅਪਰਾਧੀ ਤੱਤਾਂ ਨਾਲ ਮਿਲੀਭਗਤ ਕਰਕੇ ਨਕਲੀ ਪਾਸਪੋਰਟ ਤਿਆਰ ਕਰਵਾਉਂਦੇ ਹਨ ਅਤੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਿੱਚ ਮਦਦ ਕਰਦੇ ਹਨ। ਇਸ ਗੰਭੀਰ ਸੂਚਨਾ ਦੇ ਆਧਾਰ ‘ਤੇ ਹੀ ਇਹ ਵਿਸ਼ਾਲ ਮੁਹਿੰਮ ਚਲਾਈ ਗਈ।
ਉਨ੍ਹਾਂ ਕਿਹਾ ਕਿ “ਰੇਡ ਦੌਰਾਨ ਪੁਲਿਸ ਨੂੰ ਹੈਰਾਨ ਕਰਨ ਵਾਲੀ ਮਾਤਰਾ ਵਿੱਚ ਸ਼ੱਕੀ ਸਮਾਨ ਬਰਾਮਦ ਹੋਇਆ। ਪੁਲਿਸ ਨੇ ਮੌਕੇ ਤੋਂ 30 ਪਾਸਪੋਰਟ, 34 ਕੰਪਿਊਟਰ, ਲੈਪਟਾਪ ਅਤੇ ਟੈਬ, 15 ਏਟੀਐਮ ਕਾਰਡ ਅਤੇ 175 ਚੈਕ ਬੁੱਕਾਂ ਕਬਜ਼ੇ ਵਿੱਚ ਲਈਆਂ, ਜਿਨ੍ਹਾਂ ਵਿੱਚੋਂ ਕਈ ਚੈਕ ਬੁੱਕਾਂ ਪਹਿਲਾਂ ਤੋਂ ਸਾਈਨ ਕੀਤੀਆਂ ਹੋਈਆਂ ਸਨ। ਇਹ ਸਾਰਾ ਸਮਾਨ ਗੈਰ-ਕਾਨੂੰਨੀ ਲੈਣ-ਦੇਣ ਅਤੇ ਵਿੱਤੀ ਧੋਖਾਧੜੀ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਅਹਿਮ ਦਸਤਾਵੇਜ਼ ਅਤੇ ਡਿਜੀਟਲ ਡਾਟਾ ਵੀ ਬਰਾਮਦ ਕੀਤਾ ਗਿਆ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।”
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ “ਇਸ ਮੁਹਿੰਮ ਦੌਰਾਨ ਕਈ ਅਜਿਹੇ ਪੀੜਤ ਵੀ ਸਾਹਮਣੇ ਆਏ, ਜੋ ਇਨ੍ਹਾਂ ਫਰਜ਼ੀ ਇਮੀਗ੍ਰੇਸ਼ਨ ਸੈਂਟਰਾਂ ਦੇ ਝਾਂਸੇ ਵਿੱਚ ਆ ਕੇ ਆਪਣੀ ਜ਼ਿੰਦਗੀ ਦੀ ਕਮਾਈ ਗੁਆ ਬੈਠੇ ਹਨ। ਪੁਲਿਸ ਵੱਲੋਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਾਨੂੰਨੀ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲਿਆਂ ਖ਼ਿਲਾਫ਼ ਪਹਿਲਾਂ ਹੀ ਖੰਨਾ, ਨਵਾਂਸ਼ਹਿਰ ਅਤੇ ਨਵੀਂ ਦਿੱਲੀ ਵਿੱਚ ਕੇਸ ਦਰਜ ਹਨ।”
ਐਸਐਸਪੀ ਆਹਲੂਵਾਲੀਆ ਨੇ ਸਪੱਸ਼ਟ ਕੀਤਾ ਕਿ ਵਿਦੇਸ਼ ਭੇਜਣ ਦੇ ਨਾਂਅ ਉਪਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।








