ਬਜ਼ੁਰਗ ਨੇ ਮੁੱਖ ਮੰਤਰੀ ਦਾ ਰਸਤਾ ਰੋਕਿਆ ਕਹਿੰਦਾ, ‘ਪਹਿਲਾਂ ਮੇਰਾ ਮਸਲਾ ਹੱਲ ਕਰੋ ਫੇਰ ਘਰ ਤੋਂ ਨਿਕਲਣ ਦੇਵਾਂਗਾ’
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਇਕ ਬਜ਼ੁਰਗ ਗੁਆਂਢੀ ਨੇ ਅਪਣੇ ਘਰ ਦੇ ਸਾਹਮਣੇ ਲਗਾਤਾਰ ਖੜੀਆਂ ਗੱਡੀਆਂ ਤੋਂ ਤੰਗ ਆ ਕੇ ਮੁੱਖ ਮੰਤਰੀ ਦੀ ਕਾਰ ਦਾ ਰਸਤਾ ਰੋਕ ਲਿਆ। ਇਸ ਦੌਰਾਨ ਗੁਆਂਢੀ ਨੇ ਸਭ ਤੋਂ ਪਹਿਲਾਂ ਉਸ ਦੀ ਪੰਜ ਸਾਲਾਂ ਤੋਂ ਚੱਲ ਰਹੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ।
ਬਜ਼ੁਰਗ ਨਾਗਰਿਕ, ਜਿਸ ਦੀ ਪਛਾਣ ਪੁਰਸ਼ੋਤਮ ਵਜੋਂ ਹੋਈ ਹੈ, ਨੇ ਅਪਣੇ ਘਰ ਦੇ ਸਾਹਮਣੇ ਖੜੀਆਂ ਗੱਡੀਆਂ ਦੀ ਲੰਮੀ ਕਤਾਰ ਤੋਂ ਪ੍ਰੇਸ਼ਾਨ ਹੋ ਕੇ ਸੜਕ ‘ਤੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ।
ਵੀਰਵਾਰ ਨੂੰ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ। ਇਹ ਪਤਾ ਨਹੀਂ ਲਗ ਸਕਿਆ ਕਿ ਮੁੱਖ ਮੰਤਰੀ ਨੇ ਬਜ਼ੁਰਗ ਦੀ ਸਮੱਸਿਆ ਅਜੇ ਤਕ ਹੱਲ ਕੀਤਾ ਹੈ ਜਾਂ ਨਹੀਂ। ਘਰ ਅੱਗੇ ਗੱਡੀ ਖੜਾਉਣ ਕਰਨ ਵਾਲਿਆਂ ਨੂੰ ਝਿੜਕਦਿਆਂ ਬਜ਼ੁਰਗ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਪ੍ਰੇਸ਼ਾਨ ਹੈ ਪਰ ਕਿਸੇ ਨੇ ਕੁਝ ਨਹੀਂ ਕੀਤਾ। ਬਜ਼ੁਰਗ ਨੇ ਕਿਹਾ, ”ਤੁਹਾਡੇ ਕੋਲ ਗੱਡੀ ਪਾਰਕ ਕਰਨ ਲਈ ਹੋਰ ਕੋਈ ਥਾਂ ਨਹੀਂ ਹੈ। ਤੁਹਾਨੂੰ ਮੇਰੇ ਘਰ ਦਾ ਮੁੱਖ ਦਰਵਾਜ਼ਾ ਹੀ ਮਿਲਦਾ ਹੈ?”