ਪੰਜਾਬ ‘ਚ ਆਏ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਨੇ ਈਸਾਈ ਭਾਈਚਾਰੇ ਦੇ ਖਿਲਾਫ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪੰਜਾਬ ਦੇ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਆਪਣੇ ਬਿਆਨ ‘ਤੇ ਮਾਫੀ ਮੰਗਣ ਦੀ ਮੰਗ ਕੀਤੀ ਹੈ।
ਧੀਰੇਂਦਰ ਸ਼ਾਸਤਰੀ ਸਤਿਸੰਗ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਪਠਾਨਕੋਟ ਆਏ ਹੋਏ ਹਨ। ਸ਼ਨੀਵਾਰ ਨੂੰ ਉਹ ਕੁਝ ਘੰਟੇ ਅੰਮ੍ਰਿਤਸਰ ਰੁਕੇ। ਇੱਥੇ ਉਨ੍ਹਾਂ ਨੇ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿੱਚ ਮੱਥਾ ਟੇਕਿਆ।
ਪਠਾਨਕੋਟ ਵਿੱਚ ਚੱਲ ਰਹੇ ਪ੍ਰੋਗਰਾਮ ਵਿੱਚ ਉਨ੍ਹਾਂ ਈਸਾਈ ਭਾਈਚਾਰੇ ਦੀ ਤੁਲਨਾ ਵਿਦੇਸ਼ੀ ਤਾਕਤਾਂ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਈਸਾਈ ਲੋਕ ਗੁਰਦੁਆਰਿਆਂ, ਮੰਦਰ ਅਤੇ ਹਿੰਦੂ ਧਰਮ ਦੇ ਲੋਕਾਂ ਨੂੰ ਨਾ ਬਹਿਲਾਉਣ, ਇਸ ਲਈ ਉਹ ਹਰ ਜਗ੍ਹਾ ਪ੍ਰਚਾਰ ਕਰਨ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਦੀ ਗੱਲ ਵੀ ਕਹੀ।
ਇਸਾਈ ਭਾਈਚਾਰੇ ਨੇ ਸਪੱਸ਼ਟ ਕੀਤਾ ਹੈ ਕਿ ਬਾਬਾ ਧੀਰੇਂਦਰ ਸ਼ਾਸਤਰੀ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਪਠਾਨਕੋਟ ਵਿੱਚ ਜਨ ਸਮੂਹ ਇਕੱਠਾ ਹੋਵੇਗਾ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ। ਈਸਾਈ ਸਮਾਜ ਨੇ ਬਾਬਾ ਧੀਰੇਂਦਰ ਸ਼ਾਸਤਰੀ ਨੂੰ ਆਪਣੇ ਸ਼ਬਦ ਵਾਪਸ ਲੈ ਕੇ ਮੁਆਫੀ ਮੰਗਣ ਲਈ ਕਿਹਾ ਹੈ।