ਬ੍ਰਿਜਭੂਸ਼ਣ ਸ਼ਰਨ ਸਿੰਘ ਪੁੱਤਰ ਕਰਣ ਭੂਸ਼ਣ ਸਿੰਘ ਦੇ ਕਾਫਲੇ ਨੇ ਦੋ ਲੋਕਾਂ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਔਰਤ ਜ਼ਖਮੀ ਹੋ ਗਈ। ਇਹ ਹਾਦਸਾ ਯੂਪੀ ਦੇ ਗੋਂਡਾ ਜ਼ਿਲ੍ਹੇ ਦੇ ਕਰਨੈਲਗੰਜ ਕੋਤਵਾਲੀ ਇਲਾਕੇ ਵਿੱਚ ਵਾਪਰਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇਸ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਨੇਲਗੰਜ ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਔਰਤ ਨੂੰ ਇਲਾਜ ਲਈ ਸਥਾਨਕ ਕਮਿਊਨਿਟੀ ਹੈਲਥ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ।
ਉਧਰ, ਘਟਨਾ ਦੀ ਸੂਚਨਾ ਮਿਲਦੇ ਹੀ ਕਰਨੈਲਗੰਜ ਦੇ ਇਲਾਕਾ ਅਧਿਕਾਰੀ ਤੇ ਕਰਨੈਲਗੰਜ ਕੋਤਵਾਲ ਮੌਕੇ ‘ਤੇ ਪਹੁੰਚੇ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਨੇ ਫਾਰਚੂਨਰ ਗੱਡੀ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਫਾਰਚੂਨਰ ਕਾਰ ਦੇ ਅਗਲਾ ਹਿੱਸੇ ਦੇ ਪਰਖਚੇ ਉੱਡ ਗਏ। ਫਾਰਚੂਨਰ ਕਾਰ ਦੇ ਅੰਦਰ ਬੈਠੇ ਲੋਕਾਂ ਨੇ ਏਅਰਬੈਗ ਖੁੱਲ੍ਹਣ ਕਾਰਨ ਆਪਣੀ ਜਾਨ ਬਚਾਈ।
ਦਰਅਸਲ ਕੈਸਰਗੰਜ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਬੇਟਾ ਕਰਣ ਭੂਸ਼ਣ ਸਿੰਘ ਉਮੀਦਵਾਰ ਹੈ। ਉਹ ਆਪਣੇ ਵਾਹਨਾਂ ਦੇ ਕਾਫਲੇ ਨਾਲ ਹਜ਼ੂਰਪੁਰ ਜਾ ਰਿਹਾ ਸੀ। ਹੁਜ਼ੂਰਪੁਰ ਨੂੰ ਜਾਂਦੇ ਸਮੇਂ ਕਾਫਲੇ ਵਿੱਚ ਸ਼ਾਮਲ ਫਾਰਚੂਨਰ ਗੱਡੀ ਨੇ ਬਹਿਰਾਇਚ-ਹੁਜ਼ੂਰਪੁਰ ਰੋਡ ‘ਤੇ ਸਥਿਤ ਛੱਤੈਪੁਰਵਾ ਨੇੜੇ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਦੋ ਨੌਜਵਾਨਾਂ 21 ਸਾਲਾ ਰੇਹਾਨ ਤੇ 20 ਸਾਲਾ ਸ਼ਹਿਜ਼ਾਦ ਖਾਨ ਨੂੰ ਕੁਚਲ ਦਿੱਤਾ। ਇਹ ਨੌਜਵਾਨ ਪਿੰਡ ਨਿਦੂਰਾ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਕਰਨੈਲਗੰਜ ਆ ਰਹੇ ਸੀ।
ਕਾਰ ਇੰਨੀ ਤੇਜ਼ ਸੀ ਕਿ ਬਿਜਲੀ ਦੇ ਖੰਭੇ ਨੂੰ ਤੋੜਦੇ ਹੋਏ ਘਰ ਦੇ ਸਾਹਮਣੇ ਬੈਠੀ 60 ਸਾਲਾ ਸੀਤਾ ਦੇਵੀ ਨੂੰ ਵੀ ਦਰੜ ਦਿੱਤਾ। ਸੀਤਾ ਦੇਵੀ ਗੰਭੀਰ ਜ਼ਖਮੀ ਹੋ ਗਈ ਤੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਫਾਰਚੂਨਰ ਗੱਡੀ ਦੀ ਲਪੇਟ ‘ਚ ਆਉਣ ਨਾਲ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ।