ਪੰਜਾਬ ਸਰਕਾਰ ਵੱਲੋਂ ਜੁਗਾੜੂ ਵਾਹਨਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਲਾਗੂ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਜੁਗਾੜੂ ਰੇਹੜਿਆਂ ਦੇ ਮਾਲਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਵਿਚ ਆਪਣਾ ਵੋਟ ਬੈਂਕ ਡੁੱਬਦਾ ਦੇਖ ਭਗਵੰਤ ਮਾਨ ਨੇ ਤੁਰੰਤ ਇਹ ਫ਼ੈਸਲਾ ਵਾਪਸ ਲੈ ਕੇ ਪੇਕਅੱਪ ਤੇ ਛੋਟਾ ਹਾਥੀ ਗੱਡੀ ਮਾਲਕਾਂ ਦੇ ਹੱਥਾਂ ਤੋਂ ਰੋਟੀ ਚੁੱਕੀ ਹੈ ਅਤੇ ਜੋ ਮਾਲ ਪਿਕਅਪ ਅਤੇ ਛੋਟਾ ਹਾਥੀ ਗੱਡੀਆਂ ਢੋਆ-ਢੁਆਈ ਕਰਨਾ ਹੁੰਦਾ ਹੈ, ਉਹ ਹੁਣ ਈ ਰਿਕਸ਼ੇ ਅਤੇ ਜੁਗਾੜੂ ਰੇਹੜੇ ਵਾਲੇ ਹੀ ਕਰ ਰਹੇ ਹਨ।
ਜਿਸ ਨਾਲ ਪੇਪਰ ਬੈਕਅਪ ਤੇ ਛੋਟਾ ਹਾਥੀ ਗੱਡੀਆਂ ਦੇ ਮਾਲਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮੋਗਾ ਵਿਚ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਯੂਨੀਅਨ ਆਲ ਪੰਜਾਬ ਦੇ ਨੁਮਾਇੰਦਿਆਂ ਵੱਲੋਂ ਮੋਗਾ ‘ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਥੋਂ ਤਕ ਕਿ ਸਮੂਹ ਅਹੁਦੇਦਾਰਾਂ ਨੇ ਨੰਗੇ ਧੜ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜਿੱਥੇ ਪਿੱਟ ਸਿਆਪਾ ਕੀਤਾ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਖ਼ਿਲਾਫ਼ ਭੜਾਸ ਕੱਢੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਭੁੱਲਰ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਪਣਾ ਵੋਟ ਬੈਂਕ ਦੇਖਦਿਆਂ ਜੁਗਾੜੂ ਰੇਹੜੇ ਨੂੰ ਮੁੜ ਤੋਂ ਚੱਲਣ ਲਈ ਆਗਿਆ ਦਿੱਤੀ ਹੈ, ਜਿਸ ਨਾਲ ਸਾਡਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦਾ ਟੈਕਸ ਦਿੰਦੇ ਹਾਂ। ਸਾਡੀਆਂ ਗੱਡੀਆਂ ਦੇ ਪੂਰੇ ਕਾਗਜ਼ਾਤ ਹਨ, ਪਰ ਈ ਰਿਕਸ਼ਾ ਵਾਲਿਆਂ ਕੋਲ ਕੋਈ ਵੀ ਕਾਗਜ਼ਾਤ ਤਕ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਗੁਰਦਾਸਪੁਰ ਵਿਚ ਸਾਡੇ ਨੁਮਾਇੰਦਿਆਂ ‘ਤੇ ਕੀਤੇ ਪਰਚਿਆਂ ਨੂੰ ਤੁਰੰਤ ਰੱਦ ਨਾ ਕੀਤਾ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢਣਗੇ