ਭਾਜਪਾ ਦਾ ਇਤਿਹਾਸਕ ਵਿਸ਼ਾਲ ਰੋਡ ਸ਼ੋਅ ਅੱਜ : ਅਸ਼ਵਨੀ ਸ਼ਰਮਾ
ਰੋਡ ਸ਼ੋਅ ‘ਚ ਪੰਜਾਬ ਦੀ ਕਲਾ ਤੇ ਸੱਭਿਆਚਾਰ ਦਿਖੇਗੀ ਝਲਕ : ਕੇਡੀ ਭੰਡਾਰੀ
ਸ਼੍ਰੀ ਰਾਮ ਚੌਕ ਤੋਂ ਸ਼ਾਮ 5 ਵਜੇ ਸ਼ੁਰੂ ਹੋਵੇਗਾ ਭਾਜਪਾ ਦਾ ਰੋਡ ਸ਼ੋਅ
ਜਲੰਧਰ 5 ਮਈ ( Chahal/Sema ) : ਭਾਰਤੀ ਜਨਤਾ ਪਾਰਟੀ ਨੇ ਜਲੰਧਰ ਲੋਕਸਭਾ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ 6 ਮਈ ਨੂੰ ਸ਼ਾਮ 5 ਵਜੇ ਸ਼੍ਰੀਰਾਮ ਚੌਕ ਤੋਂ ਇਤਿਹਾਸਕ ਵਿਸ਼ਾਲ ਰੋਡ ਸ਼ੋਅ ਕਢਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਥਾਨਕ ਹੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀI ਉਨ੍ਹਾਂ ਕਿਹਾ ਕਿ ਇਹ ਰੋਡ ਸ਼ੋਅ ਅਜਿਹਾ ਹੋਵੇਗਾ, ਜਿਸ ਵਿੱਚ ਜਲੰਧਰ ਸ਼ਹਿਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰੋਡ ਸ਼ੋਅ ਇੰਨਾ ਸ਼ਾਨਦਾਰ ਹੋਵੇਗਾ ਕਿ ਹਰ ਘਰ ਵਿਚੋਂ ਇਸ ਆਦਮੀ ਇਸ ਰੋਡ ਸ਼ੋ ਵਿੱਚ ਸ਼ਾਮਲ ਹੋਵੇਗਾ। ਦੂਜੇ ਪਾਸੇ ਇਸ ਰੋਡ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਚੁੱਕੇ ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਨੇ ਦੱਸਿਆ ਕਿ ਇਸ ਰੋਡ ਸ਼ੋਅ ਵਿੱਚ ਪੰਜਾਬੀ ਕਲਾ ਅਤੇ ਸੱਭਿਆਚਾਰ ਦੀ ਝਲਕ ਵੀ ਦੇਖਣ ਨੂੰ ਮਿਲੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਰੋਡ ਸ਼ੋਅ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਵੱਲੋਂ ਸਾਂਝੇ ਤੌਰ ‘ਤੇ ਕਢਿਆ ਜਾਵੇਗਾ। ਇਸ ਰੋਡ ਸ਼ੋਅ ਵਿੱਚ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਅਕਾਲੀ ਦਲ ਯੂਨਾਈਟਿਡ ਦੇ ਪਰਮਿੰਦਰ ਸਿੰਘ ਢੀਂਡਸਾ, ਕੇਵਲ ਢਿੱਲੋਂ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਅਰਵਿੰਦ ਖੰਨਾ, ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਸਰਬਜੀਤ ਸਿੰਘ ਮੱਕੜ ਸਮੇਤ ਕਈ ਵੱਡੇ ਆਗੂ ਸ਼ਾਮਲ ਹੋਣਗੇ।
ਕੇ.ਡੀ ਭੰਡਾਰੀ ਨੇ ਰੋਡ ਸ਼ੋਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੋਡ ਸ਼ੋਅ ਬਹੁਤ ਹੀ ਸ਼ਾਨਦਾਰ ਹੋਵੇਗਾ। ਇਹ ਸ਼੍ਰੀ ਰਾਮ ਚੌਕ (ਕੰਪਨੀ ਬਾਗ) ਤੋਂ ਸ਼ਾਮ 5 ਵਜੇ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ), ਅਲੀ ਮੁਹੱਲਾ, ਪਟੇਲ ਚੌਕ, ਸਾਈਂ ਦਾਸ ਸਕੂਲ, ਭਗਵਾਨ ਵਾਲਮੀਕੀ ਗੇਟ, ਮਾਈ ਹੀਰਾਂ ਗੇਟ, ਟਾਂਡਾ ਚੌਕ, ਖਿੰਗੜਾ ਗੇਟ ਤੋਂ ਹੁੰਦਾ ਹੋਇਆ ਸ਼ਾਮ 8 ਵਜੇ ਦੇ ਕਰੀਬ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਵੇਗਾ। ਸ੍ਰੀ ਰਾਮ ਚੌਂਕ ਵਿਖੇ ਰੋਡ ਸ਼ੋਅ ਦੀ ਸ਼ੁਰੂਆਤ ਮੌਕੇ ਉਥੇ ਸਜਾਈ ਸਟੇਜ ‘ਤੇ ਪੰਜਾਬ ਦੇ ਲੋਕ ਨਾਚ ਭੰਗੜਾ, ਗਿੱਧਾ, ਮਲਵਈ ਗਿੱਧਾ ਆਦਿ ਪੇਸ਼ ਕੀਤੇ ਜਾਣਗੇ। ਰੋਡ ਸ਼ੋਅ ‘ਚ ਦੋ ਰੱਥ ਵੀ ਸ਼ਾਮਲ ਹੋਣਗੇ, ਜਿਨ੍ਹਾਂ ‘ਤੇ ਮੰਤਰੀ, ਸੀਨੀਅਰ ਨੇਤਾ ਅਤੇ ਉੱਚ ਅਧਿਕਾਰੀ ਸਵਾਰ ਹੋਣਗੇ। ਇਸ ਤੋਂ ਇਲਾਵਾ ਰੋਡ ਸ਼ੋਅ ਵਿੱਚ 200 ਢੋਲ ਅਤੇ ਤਾਸ਼ੇ ਵੀ ਸ਼ਾਮਲ ਹੋਣਗੇ। ਭਾਜਪਾ ਮਹਿਲਾ ਮੋਰਚਾ ਦੀਆਂ 500 ਮਹਿਲਾ ਮੈਂਬਰ ਕੇਸਰੀ ਦਸਤਾਰਾਂ ਸਜਾ ਕੇ ਰੋਡ ਸ਼ੋਅ ਵਿੱਚ ਹਿੱਸਾ ਲੈਣਗੀਆਂ। ਵੱਖ-ਵੱਖ ਸਮਾਜਿਕ ਜਥੇਬੰਦੀਆਂ ਅਤੇ ਭਾਜਪਾ ਦੇ ਵੱਖ-ਵੱਖ ਸੈੱਲਾਂ ਜਾਂ ਮੋਰਚਿਆਂ ਵੱਲੋਂ ਰੋਡ ਸ਼ੋਅ ਦੇ ਪੂਰੇ ਰੂਟ ਦੌਰਾਨ ਵੱਖ-ਵੱਖ ਥਾਵਾਂ ‘ਤੇ ਸਟੇਜਾਂ ਸਜਾਈਆਂ ਜਾਣਗੀਆਂ ਅਤੇ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਉਹ ਇਸ ਰੋਡ ਸ਼ੋਅ ਵਿੱਚ ਸ਼ਾਮਲ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨ ਅਤੇ ਭਾਜਪਾ ਦੇ ਉਮੀਦਵਾਰ ਨੂੰ ਜੇਤੂ ਬਣਾ ਕੇ ਜਲੰਧਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।
ਕੇ.ਡੀ.ਭੰਡਾਰੀ ਨੇ ਕਿਹਾ ਕਿ ਇਸ ਰੋਡ ਸ਼ੋਅ ਦੀ ਮੀਡੀਆ ਕਵਰੇਜ ਲਈ ਦੋ ਵੈਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 2 ਟਨ ਫੁੱਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ, ਜੋ ਰੋਡ ਸ਼ੋਅ ਦੌਰਾਨ ਸਾਰਿਆਂ ਦੇ ਸਵਾਗਤ ਲਈ ਵਰਤੇ ਜਾਣਗੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸੂਬਾਈ ਬੁਲਾਰੇ ਅਨਿਲ ਸਰੀਨ, ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਅਮਿਤ ਭਾਟੀਆ ਆਦਿ ਵੀ ਹਾਜ਼ਰ ਸਨ।