
ਮੁੱਖ ਮੰਤਰੀ ਭਗਵੰਤ ਮਾਨ ਨੇ 2023-24 ਲਈ ਗੰਨੇ ਦੀ ਕੀਮਤ (ਸਟੇਟ ਐਗਰੀਡ ਪ੍ਰਾਈਸ) ਵਿਚ ਕਰੀਬ 11 ਰੁਪਏ ਪ੍ਰਤੀ ਕੁਇੰਟਲ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਗੰਨਾ ਉਤਪਾਦਕਾਂ ਨੇ ਗੰਨੇ ਦੇ ਖਰੀਦ ਮੁੱਲ ‘ਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੇ ਸ਼ਗਨ ਦੇ ਫੈਸਲੇ ਨੂੰ ਸਵੀਕਾਰ ਨਹੀਂ ਕੀਤਾ ਤੇ ਮੁੜ ਹਾਈਵੇਅ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸਣ ਯੋਗ ਹੈ ਕਿ ਮੁਕੇਰੀਆਂ ਸਮੇਤ ਕਈ ਥਾਵਾਂ ‘ਤੇ ਨਾਰਾਜ਼ ਕਿਸਾਨ ਸੜਕਾਂ ‘ਤੇ ਉਤਰ ਆਏ ਹਨ।
ਪੰਜਾਬ ਵਿਚ ਕਿਸਾਨਾਂ ਨੇ ਫਿਰ ਹਾਈਵੇ ਜਾਮ ਕਰ ਦਿੱਤਾ ਹੈ। ਹੁਸ਼ਿਆਰਪੁਰ ਦੇ ਮੁਕੇਰੀਆਂ ਵਿਚ ਕਿਸਾਨਾਂ ਨੇ ਗੰਨੇ ਦੇ ਰੇਟ ਦੀ ਮੰਗ ਨੂੰ ਲੈ ਕੇ ਜਲੰਧਰ-ਪਠਾਨਕੋਟ ਹਾਈਵੇ ਜਾਮ ਕਰ ਦਿੱਤਾ ਹੈ। ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ।
ਕਿਸਾਨ ਮਿੱਲ ਦੇ ਗੇਟ ਦੇ ਸਾਹਮਣੇ ਬੈਠੇ ਹਨ ਤੇ ਹਾਈਵੇ ਉਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ। ਮੁਸਾਫਿਰ ਬੇਬਸ ਨਜ਼ਰ ਆ ਰਹੇ ਹਨ। ਇਸ ਦੌਰਾਨ ਟਰੈਫਿਕ ਪੁਲਿਸ ਦੁਆਰਾ ਵੱਖ-ਵੱਖ ਰਸਤਿਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 11 ਰੁਪਏ ਦਾ ਸ਼ਗਨ ਕਹਿ ਕੇ ਸਰਾਸਰ ਮਜ਼ਾਕ ਕੀਤਾ ਗਿਆ ਹੈ।
ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਬੀਰ ਚੌਹਾਨ ਨੇ ਕਿਹਾ ਕਿ ਗੰਨੇ ਦੀ ਕੀਮਤ ‘ਚ ਵਾਧੇ ਸਬੰਧੀ ਸਿਰਫ਼ ਐਕਸ ‘ਤੇ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਬਾਰੇ ਕੋਈ ਨੋਟੀਫਿਕੇਸ਼ਨ ਵੀ ਨਹੀਂ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਨਿਚਰਵਾਰ ਨੂੰ ਗੰਨੇ ਦਾ ਸਮਰਥਨ ਮੁੱਲ 400 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨਾ ਚਾਹੀਦਾ ਹੈ।