ਇਕ ਟਰੇਨੀ ਕੈਡੇਟ ਦੀ ਮੌਤ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਛੇ ਅਧਿਕਾਰੀਆਂ ਖਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਵਿਰੁੱਧ ਕੋਰਟ ਆਫ ਇਨਕੁਆਰੀ ਦੇ ਹੁਕਮ ਵੀ ਦਿੱਤੇ ਗਏ ਹਨ। ਪੁਲੀਸ ਮੁਤਾਬਕ ਕੈਡੇਟ ਨੇ ਫਾਹਾ ਲੈ ਲਿਆ ਸੀ। ਵੇਰਵਿਆਂ ਮੁਤਾਬਕ ਅੰਕਿਤ ਝਾਅ (27) ਏਅਰ ਫੋਰਸ ਟੈਕਨੀਕਲ ਕਾਲਜ (ਏਐਫਟੀਸੀ) ਦੇ ਇਕ ਕਮਰੇ ਵਿਚ ਲਟਕਦਾ ਮਿਲਿਆ ਹੈ।
ਪੁਲੀਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਮੌਤ ਚਾਰ-ਪੰਜ ਦਿਨ ਪਹਿਲਾਂ ਹੋਈ ਹੈ। ਮ੍ਰਿਤਕ ਦੇ ਭਰਾ ਅਮਨ ਝਾਅ ਦੀ ਸ਼ਿਕਾਇਤ ‘ਤੇ ਪੁਲੀਸ ਨੇ ਛੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਅਮਨ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਸਬੂਤਾਂ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਕਾਲਜ ਨਾਲ ਸਬੰਧਤ ਵਿਅਕਤੀ ਸ਼ਨਿਚਰਵਾਰ ਸੁਵੱਖਤੇ ਉਸੇ ਸਬੂਤ ਨਾਲ ਥਾਣੇ ਵਿਚ ਆਏ ਸਨ ਜਿਸ ਨੂੰ ਉਹ ਲੱਭ ਰਿਹਾ ਸੀ। ਮ੍ਰਿਤਕ ਦੇ ਭਰਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਏਐਫਟੀਸੀ ਨਾਲ ਸਬੰਧਤ ਵਿਅਕਤੀਆਂ ਨੂੰ ਕਿਵੇਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਹ (ਅਮਨ) ਥਾਣੇ ਆਇਆ ਹੋਇਆ ਹੈ।