ਨਰਾਤਿਆਂ ‘ਚ ਮਾਤਾ ਰਾਣੀ ਦੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਨਾਲ ਭਿਆਨਕ ਹਾਦਸਾ ਹੋਇਆ ਹੈ। ਕਾਨਪੁਰ ਦੇ ਘਾਟਮਪੁਰ ਇਲਾਕੇ ਦੇ ਭੀਤਰਗਾਂਵ ਵਿੱਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਇਸ ‘ਚ 26 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਕਾਰਨ ਸਟੇਸ਼ਨ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬਾਹਰੀ ਕਾਨਪੁਰ ਦੇ ਐਸਪੀ ਟੀਐਸ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਕਾਨਪੁਰ ਦੇ ਡੀਐਮ ਵਿਸ਼ਾਕ ਅਈਅਰ ਨੇ ਦੱਸਿਆ ਕਿ ਸਾਰੀਆਂ 26 ਲਾਸ਼ਾਂ ਦਾ ਪੋਸਟਮਾਰਟਮ ਕਰ ਲਿਆ ਗਿਆ ਹੈ। ਲਾਸ਼ਾਂ ਉਨ੍ਹਾਂ ਦੇ ਪਿੰਡ ਭੇਜ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ‘ਚ ਕਰੀਬ 50 ਲੋਕ ਸਵਾਰ ਸਨ। 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ ਅਤੇ ਬਚਾਅ ਕਾਰਜ ਜਾਰੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਾਟਮਪੁਰ ਸੜਕ ਹਾਦਸੇ ‘ਚ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰਾਹਤ ਫੰਡ ‘ਚੋਂ ਮਦਦ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।