
ਮੇਰਠ ਵਿੱਚ ਪਿਛਲੇ ਮਹੀਨਿਆਂ ਤੋਂ ਐੱਚਆਈਵੀ ਦੇ ਮਾਮਲਿਆਂ ਵਿੱਚ ਵੱਡਾ ਵਾਧਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ 16 ਮਹੀਨਿਆਂ ‘ਚ 80 ਗਰਭਵਤੀ ਔਰਤਾਂ ਬੱਚੇ ਦੀ ਡਿਲੀਵਰੀ ਲਈ ਹਸਪਤਾਲ ‘ਚ ਆਈਆਂ ਅਤੇ ਇਨ੍ਹਾਂ ‘ਚੋਂ 60 ਐਚਆਈਵੀ ਪਾਜ਼ੀਟਿਵ ਪਾਈਆਂ ਗਈਆਂ ਹਨ।ਜਦੋਂ ਇਨ੍ਹਾਂ ਮਾਮਲਿਆਂ ਦਾ ਪੂਰਾ ਅੰਕੜਾ ਸਾਹਮਣੇ ਆਇਆ ਤਾਂ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ। ਜਾਂਚ ਲਈ ਕਮੇਟੀ ਬਣਾਈ ਗਈ ਹੈ।ਮੁੱਖ ਮੈਡੀਕਲ ਅਫ਼ਸਰ ਆਪਣੀ ਨਿਗਰਾਨੀ ਹੇਠ ਸਾਰੀ ਜਾਂਚ ਕਰਵਾ ਰਹੇ ਹਨ।
ਉਕਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਸਾਰੀਆਂ ਔਰਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਜਨਮ ਦੇਣ ਵਾਲੀਆਂ ਸਾਰੀਆਂ ਔਰਤਾਂ ਸਿਹਤਮੰਦ ਹਨ, ਹਾਲਾਂਕਿ ਮੇਰਠ ਮੈਡੀਕਲ ਪ੍ਰਸ਼ਾਸਨ ਅਤੇ ਜ਼ਿਲ੍ਹਾ ਮੁੱਖ ਮੈਡੀਕਲ ਅਫ਼ਸਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਨ੍ਹਾਂ ਔਰਤਾਂ ਨੇ ਕਿੰਨੇ ਬੱਚਿਆਂ ਨੂੰ ਜਨਮ ਦਿੱਤਾ ਹੈ।ਮੇਰਠ ਦੇ ਲਾਲਾ ਲਾਜਪਤ ਰਾਏ ਮੈਡੀਕਲ ਕਾਲਜ ਦੇ ਏਆਰਟੀ ਅਰਥਾਤ ਐਂਟੀ ਰੈਟਰੋਵਾਇਰਲ ਥੈਰੇਪੀ ਸੈਂਟਰ ਦੇ ਅਨੁਸਾਰ, ਸੋਲਾਂ ਮਹੀਨਿਆਂ ਵਿੱਚ ਹੁਣ ਤੱਕ ਕੁੱਲ 81 ਔਰਤਾਂ ਵਿੱਚ ਐੱਚਆਈਵੀ ਦੀ ਪੁਸ਼ਟੀ ਹੋਈ ਹੈ। ਇੱਕੋ ਮੈਡੀਕਲ ਕਾਲਜ ਵਿੱਚ ਇੰਨੇ ਕੇਸਾਂ ਦੇ ਲਗਾਤਾਰ ਆਉਣ ਨੇ ਸਿਹਤ ਵਿਭਾਗ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ।
ਇਸ ਮਾਮਲੇ ‘ਚ ਮੇਰਠ ਦੇ ਚੀਫ਼ ਮੈਡੀਕਲ ਅਫ਼ਸਰ ਡਾ: ਅਖਿਲੇਸ਼ ਮੋਹਨ ਦਾ ਕਹਿਣਾ ਹੈ ਕਿ ਵਿਭਾਗ ਕੋਲ ਪਹਿਲਾਂ ਹੀ ਉਨ੍ਹਾਂ ‘ਚੋਂ ਕੁਝ ਦੇ ਐੱਚ.ਆਈ.ਵੀ. ਤੋਂ ਪੀੜਤ ਹੋਣ ਦੀ ਖਬਰ ਸੀ ਪਰ ਕੁਝ ਦਾ ਡਿਲੀਵਰੀ ਤੋਂ ਬਾਅਦ ਪਤਾ ਚੱਲਿਆ।