Uncategorized

ਮੰਦਰ ਵਿੱਚ ਰਾਮ ਨੌਮੀ ਮੌਕੇ ਮੰਦਰ 'ਚ ਛੱਤ ਡਿੱਗਣ ਕਾਰਨ 14 ਸ਼ਰਧਾਲੂ ਹਲਾਕ

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਮੰਦਰ ਵਿੱਚ ਰਾਮ ਨੌਮੀ ਮੌਕੇ ਹਵਨ ਦੌਰਾਨ ਖੂਹ ਦੀ ਛੱਤ ਡਿੱਗਣ ਕਾਰਨ 14 ਸ਼ਰਧਾਲੂਆਂ ਦੀ ਮੌਤ ਹੋ ਗਈ। ਪਟੇਲ ਨਗਰ ਇਲਾਕੇ ਵਿੱਚ ਬੇਲੇਸ਼ਵਰ ਮਹਾਦੇਵ ਝੂਲੇਦੇਵ ਮੰਦਰ ਵਿੱਚ ਇਹ ਹਾਦਸਾ ਵਾਪਰਿਆ। ਇੰਦੌਰ ਦੇ ਪੁਲੀਸ ਕਮਿਸ਼ਨਰ ਮਕਰੰਦ ਦਿਉਸਕ ਨੇ ਇਕ ਪ੍ਰਤੱਖਦਰਸ਼ੀ ਦੇ ਹਵਾਲੇ ਨਾਲ ਦੱਸਿਆ ਕਿ 30-35 ਦੇ ਕਰੀਬ ਸ਼ਰਧਾਲੂ ਖੂਹ ਵਿੱਚ ਡਿੱਗੇ ਹਨ।

ਇਨ੍ਹਾਂ ਵਿੱਚੋਂ ਹੁਣ ਤੱਕ 19 ਸ਼ਰਧਾਲੂਆਂ ਨੂੰ ਬਚਾਅ ਲਿਆ ਗਿਆ ਹੈ, ਜਦੋਂਕਿ 14 ਜਣਿਆਂ ਨੇ ਦਮ ਤੋੜ ਦਿੱਤਾ।

ਇਸ ਹਾਦਸੇ ‘ਤੇ ਸੋਗ ਮਨਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਇੰਦੌਰ ਵਿੱਚ ਹੋਏ ਹਾਦਸੇ ਤੋਂ ਬੇਹੱਦ ਦੁਖੀ ਹਾਂ। ਇਸ ਸਬੰਧੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਗੱਲ ਕਰ ਕੇ ਸਾਰੀ ਸਥਿਤੀ ਦੀ ਜਾਣਕਾਰੀ ਲਈ ਹੈ, ਸੂਬਾਈ ਸਰਕਾਰ ਵੱਲੋਂ ਰਾਹਤ ਕਾਰਜ ਵਿੱਢੇ ਹੋਏ ਹਨ। ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੈਂ ਅਰਦਾਸ ਕਰਦਾ ਹਾਂ।’ ਇਸੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟਾਇਆ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਹਾਦਸੇ ਨੂੰ ਮੰਦਭਾਗਾ ਕਰਾਰ ਦਿੱਤਾ।

ਇਸੇ ਦੌਰਾਨ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਇੰਦੌਰ ਹਾਦਸੇ ‘ਤੇ ਦੁੱਖ ਜ਼ਾਹਰ ਕਰਦਿਆਂ ਕਿਹਾ,’ਧਾਰਮਿਕ ਸਮਾਗਮ ਦੌਰਾਨ ਅਜਿਹੀ ਮੰਦਭਾਗੀ ਘਟਨਾ ਹੋਣਾ ਬੇਹੱਦ ਦੁਖਦਾਈ ਹੈ। ਮੈਂ ਮ੍ਰਿਤਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਾ ਹਾਂ।’ ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਉਮੀਦ ਜਤਾਈ। -ਪੀਟੀਆਈ

ਹਾਵੜਾ ਵਿੱਚ ਰਾਮ ਨੌਮੀ ਮੌਕੇ ਹਿੰਸਾ ਭੜਕੀ; ਵਾਹਨਾਂ ਨੂੰ ਅੱਗ ਲਾਈ

ਪੱਛਮੀ ਬੰਗਾਲ ਦੇ ਹਾਵੜਾ ਸ਼ਹਿਰ ਵਿੱਚ ਰਾਮ ਨੌਮੀ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਦੋ ਧੜਿਆਂ ਵਿੱਚ ਹਿੰਸਕ ਟਕਰਾਅ ਹੋਇਆ। ਇਸ ਦੌਰਾਨ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਦੁਕਾਨਾਂ ਦੀ ਭੰਨ-ਤੋੜ ਕੀਤੀ ਗਈ। ਇਸ ਸਬੰਧੀ ਕਈ ਵਿਅਕਤੀਆਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਕਾਜ਼ੀਪਾੜਾ ਇਲਾਕੇ ਵਿੱਚ ਸ਼ੋਭਾ ਯਾਤਰਾ ਗੁਜ਼ਰ ਰਹੀ ਸੀ। ਇਸ ਦੌਰਾਨ ਕਈ ਦੁਕਾਨਾਂ ਅਤੇ ਆਟੋ ਰਿਕਸ਼ਿਆਂ ਦੀ ਭੰਨ-ਤੋੜ ਕੀਤੀ ਗਈ। ਇਸ ਦੇ ਨਾਲ ਹੀ ਪੁਲੀਸ ਦੇ ਵਾਹਨਾਂ ਸਣੇ ਕਈ ਕਾਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲੀਸ ਵੱਲੋਂ ਭੀੜ ਨੂੰ ਖਿੰਡਾਉਣ ਲਈ ਬਲ ਦੀ ਵਰਤੋਂ ਕੀਤੀ ਗਈ। ਸਥਿਤੀ ਨੂੰ ਕੰਟਰੋਲ ਅਧੀਨ ਰੱਖਣ ਲਈ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

Leave a Reply

Your email address will not be published.

Back to top button