ਰਾਜ ਸਭਾ ਦੇ ਮੌਜੂਦਾ ਮੈਂਬਰਾਂ ਵਿਚੋਂ ਲਗਭਗ 12 ਫੀ ਸਦੀ ਅਰਬਪਤੀ ਹਨ ਅਤੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਅਜਿਹੇ ਸੰਸਦ ਮੈਂਬਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਗੱਲ ‘ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼’ ਦੀ ਤਰਫੋਂ ਕਹੀ ਗਈ।
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਅਤੇ ਨੈਸ਼ਨਲ ਇਲੈਕਸ਼ਨ ਵਾਚ (ਐਨ.ਈ.ਡਬਲਿਊ.)) ਨੇ ਰਾਜ ਸਭਾ ਦੇ 233 ਮੈਂਬਰਾਂ ‘ਚੋਂ 225 ਦੇ ਅਪਰਾਧਿਕ, ਵਿੱਤੀ ਅਤੇ ਹੋਰ ਪਿਛੋਕੜ ਵੇਰਵਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ਨੂੰ ਅਪਡੇਟ ਕੀਤਾ। ਮੌਜੂਦਾ ਰਾਜ ਸਭਾ ‘ਚ ਇਕ ਸੀਟ ਖਾਲੀ ਹੈ।
ਰੀਪੋਰਟ ਅਨੁਸਾਰ ਆਂਧਰਾ ਪ੍ਰਦੇਸ਼ ਦੇ 11 ‘ਚੋਂ 5 ਮੈਂਬਰ (45 ਫ਼ੀ ਸਦੀ), ਤੇਲੰਗਾਨਾ ਦੇ 7 ‘ਚੋਂ 3 ਮੈਂਬਰ (43 ਫ਼ੀ ਸਦੀ), ਮਹਾਰਾਸ਼ਟਰ ਦੇ 19 ‘ਚੋਂ 3 (16 ਫ਼ੀ ਸਦੀ), ਦਿੱਲੀ ਦੇ 3 ਮੈਂਬਰਾਂ ‘ਚੋਂ 1 (33 ਫੀਸ ਦੀ), ਪੰਜਾਬ ਦੇ 7 ‘ਚੋਂ 2 ਮੈਂਬਰਾਂ (29 ਫੀ ਸਦੀ), ਹਰਿਆਣਾ ਦੇ 5 ‘ਚੋਂ 1 ਮੈਂਬਰ (20 ਫੀ ਸਦੀ) ਅਤੇ ਮੱਧ ਪ੍ਰਦੇਸ਼ ਦੇ 11 ‘ਚੋਂ 2 ਮੈਂਬਰਾਂ (18 ਫੀ ਸਦੀ) ਨੇ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਐਲਾਨ ਕੀਤੀ ਹੈ।
ਤੇਲੰਗਾਨਾ ਦੇ ਸੱਤ ਮੈਂਬਰਾਂ ਦੀ ਕੁਲ ਜਾਇਦਾਦ 5,596 ਕਰੋੜ ਰੁਪਏ ਹੈ, ਆਂਧਰਾ ਪ੍ਰਦੇਸ਼ ਦੇ 11 ਸੰਸਦ ਮੈਂਬਰਾਂ ਦੀ ਕੁਲ ਜਾਇਦਾਦ 3,823 ਕਰੋੜ ਰੁਪਏ ਹੈ ਅਤੇ ਉੱਤਰ ਪ੍ਰਦੇਸ਼ ਦੇ 30 ਸੰਸਦ ਮੈਂਬਰਾਂ ਦੀ ਕੁਲ ਜਾਇਦਾਦ 1,941 ਕਰੋੜ ਰੁਪਏ ਹੈ। ਰਾਜ ਸਭਾ ਦੇ 225 ਮੈਂਬਰਾਂ ‘ਚੋਂ 75 (33 ਫੀ ਸਦੀ) ਨੇ ਅਪਣੇ ਵਿਰੁਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਲਗਭਗ 41 (18 ਫੀ ਸਦੀ) ਰਾਜ ਸਭਾ ਮੈਂਬਰਾਂ ਨੇ ਗੰਭੀਰ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ ਅਤੇ ਦੋ ਮੈਂਬਰਾਂ ਨੇ ਕਤਲ (ਆਈ.ਪੀ.ਸੀ. ਦੀ ਧਾਰਾ 302) ਨਾਲ ਸਬੰਧਤ ਮਾਮਲਿਆਂ ਦਾ ਐਲਾਨ ਕੀਤਾ ਹੈ।
ਚਾਰ ਰਾਜ ਸਭਾ ਮੈਂਬਰਾਂ ਨੇ ਔਰਤਾਂ ਵਿਰੁਧ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦਾ ਐਲਾਨ ਕੀਤਾ ਹੈ। ਚਾਰ ਮੈਂਬਰਾਂ ‘ਚੋਂ ਰਾਜਸਥਾਨ ਤੋਂ ਇਕ ਰਾਜ ਸਭਾ ਮੈਂਬਰ- ਕੇ.ਕੇ. ਸੀ. ਵੇਣੂਗੋਪਾਲ – ਨੇ ਬਲਾਤਕਾਰ (ਆਈ.ਪੀ.ਸੀ. ਦੀ ਧਾਰਾ 376) ਨਾਲ ਸਬੰਧਤ ਕੇਸ ਦਾ ਐਲਾਨ ਕੀਤਾ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 85 ਰਾਜ ਸਭਾ ਮੈਂਬਰਾਂ ‘ਚੋਂ ਲਗਭਗ 23 (27 ਫੀ ਸਦੀ), ਕਾਂਗਰਸ ਦੇ 30 ਮੈਂਬਰਾਂ ‘ਚੋਂ 12 (40 ਫੀ ਸਦੀ), ਤ੍ਰਿਣਮੂਲ ਕਾਂਗਰਸ ਦੇ 13 ਮੈਂਬਰਾਂ ‘ਚੋਂ 4 (31 ਫੀ ਸਦੀ) ਰਾਸ਼ਟਰੀ ਜਨਤਾ ਦਲ (ਰਾਜਦ) ਭਾਰਤੀ ਕਮਿਊਨਿਸਟ ਪਾਰਟੀ ਦੇ 6 ‘ਚੋਂ 5 ਮੈਂਬਰ (83 ਫ਼ੀ ਸਦੀ), ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਦੇ 5 ‘ਚੋਂ 4 ਮੈਂਬਰ, ਆਮ ਆਦਮੀ ਪਾਰਟੀ (ਆਪ) ਦੇ 10 ‘ਚੋਂ 3 ਮੈਂਬਰ (30 ਫ਼ੀ ਸਦੀ), ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ 9 ਮੈਂਬਰਾਂ ‘ਚੋਂ 3 (33 ਫ਼ੀ ਸਦੀ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ 3 ‘ਚੋਂ ਦੋ (67 ਫ਼ੀ ਸਦੀ) ਰਾਜ ਸਭਾ ਮੈਂਬਰਾਂ ਨੇ ਅਪਣੇ ਹਲਫ਼ਨਾਮਿਆਂ ‘ਚ ਅਪਣੇ ਵਿਰੁਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ।