ਲੁਧਿਆਣਾ ਵਿੱਚ ਮਾਸਿਕ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ RTA ਨਰਿੰਦਰ ਸਿੰਘ ਧਾਲੀਵਾਲ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜਿੱਥੇ ਵਿਜੀਲੈਂਸ ਨੇ ਉਸ ਦੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਵਿਜੀਲੈਂਸ ਨੂੰ ਤਿੰਨ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਦੱਸ ਦੇਈਏ RTA ਪ੍ਰਾਈਵੇਟ ਲੋਕਾਂ ਰਾਹੀਂ ਚਲਾਨ ਨਾ ਕੱਟਣ ਲਈ ਟਰਾਂਸਪੋਰਟਰਾਂ ਤੋਂ ਮਹੀਨਾਵਾਰ ਵਸੂਲੀ ਕਰਦਾ ਸੀ।
ਵਿਜੀਲੈਂਸ ਨੇ ਦਸੰਬਰ ਮਹੀਨੇ ਲਈ ਵਸੂਲੀ ਗਈ ਰਾਸ਼ੀ ਨਾਲ RTA ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ RTA ਮੁਲਜ਼ਮ 32 ਟਰਾਂਸਪੋਰਟਰਾਂ ਤੋਂ ਹਰ ਮਹੀਨੇ 6.70 ਲੱਖ ਰੁਪਏ ਰਿਸ਼ਵਤ ਲੈ ਰਿਹਾ ਸੀ। ਇਸ ਗੱਲ ਦਾ ਖੁਲਾਸਾ ਵਿਜੀਲੈਂਸ ਦੇ ਸਾਹਮਣੇ ਕਾਂਸਟੇਬਲ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਕੀਤਾ ਹੈ। 18 ਨਵੰਬਰ 2022 ਨੂੰ ਪਿੰਡ ਮਾਣਕਵਾਲ ਦੇ ਵਸਨੀਕ ਸਤਨਾਮ ਸਿੰਘ ਧਵਨ ਨੇ ਉਕਤ RTA ਨਾਲ ਸਬੰਧਤ ਪੰਜਾਬ ਹੋਮ ਗਾਰਡਜ਼ (PHG) ਦੇ ਵਲੰਟੀਅਰ ਬਹਾਦਰ ਸਿੰਘ ਦੀ ਵੀਡੀਓ ਕਲਿੱਪ ਦੇ ਨਾਲ RTA ਲੁਧਿਆਣਾ ਖ਼ਿਲਾਫ਼ ਇੱਕ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।